ਤਹਿਲਕਾ ਮੁਖੀ ਤੇਜਪਾਲ ਵਿਰੁੱਧ ਬਲਾਤਕਾਰ ਦਾ ਮਾਮਲਾ ਦਰਜ

On: 22 November, 2013

ਪਣਜੀ-ਗੋਆ ਪੁਲਸ ਨੇ ‘ਤਹਿਲਕਾ’ ਦੇ ਸੰਪਾਦਕ ਤਰੁਣ ਤੇਜਪਾਲ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਹੈ। ਤੇਜਪਾਲ ‘ਤੇ ਤਕਰੀਬਨ 10 ਦਿਨ ਪਹਿਲਾਂ ਆਯੋਜਿਤ ਇਕ ਸਮਾਰੋਹ ਦੌਰਾਨ ਸਹਿਯੋਗੀ ਮਹਿਲਾ ਪੱਤਰਕਾਰ ਦਾ ਸੈਕਸ ਸ਼ੋਸ਼ਣ ਕਰਨ ਦਾ ਦੋਸ਼ ਹੈ। ਇਸ ਮਾਮਲੇ ਵਿਚ ਗੋਆ ਪੁਲਸ ਵਲੋਂ ਐਫ. ਆਈ. ਆਰ. ਦਰਜ ਕੀਤੇ ਜਾਣ ਤੋਂ ਬਾਅਦ ਪੁਲਸ ਜਨਰਲ ਡਾਇਰੈਕਟਰ ਕ੍ਰਿਸ਼ਨ ਕੁਮਾਰ ਨੇ ਕਿਹਾ, ”ਤੇਜਪਾਲ ਖਿਲਾਫ ਬਲਾਤਕਾਰ ਦੇ ਦੋਸ਼ ਨਾਲ ਹੀ ਐਫ. ਆਈ. ਆਰ. ਦਰਜ ਕੀਤੀ ਗਈ ਹੈ। ਇਹ ਜਾਂਚ ਦੀ ਪ੍ਰਕਿਰਿਆ ਦਾ ਹੀ ਇਕ ਹਿੱਸਾ ਹੈ ਅਤੇ ਕਾਨੂੰਨ ਆਪਣੀ ਕਾਰਵਾਈ ਕਰੇਗਾ।” ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਵਿਚ ਭਾਰਤੀ ਸਜ਼ਾ ਜ਼ਾਬਤਾ ਦੀਆਂ ਧਰਾਵਾਂ 376 ਅਤੇ 344 ਲਾਈਆਂ ਗਈਆਂ ਹਨ।ਇਸ ਮਾਮਲੇ ਵਿਚ ਤਰੁਣ ਨੇ ਆਪਣੀ ਚੁੱਪੀ ਤੋੜਦੇ ਹੋਏ ਪੁਲਸ ਅਤੇ ਸਾਰੇ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ ਹੈ। ਤੇਜਪਾਲ ਨੇ ਜਾਂਚ ਅਧਿਕਾਰੀਆਂ ਦੇ ਸਾਹਮਣੇ ਘਟਨਾ ਨਾਲ ਜੁੜੇ ਸਾਰ ਤੱਥ ਪੇਸ਼ ਕਰਨ ਦੀ ਇੱਛਾ ਵੀ ਜ਼ਾਹਰ ਕੀਤੀ ਹੈ। ਗੋਆ ਵਿਚ ਆਪਣੇ ਖਿਲਾਫ ਕੇਸ ਦਰਜ ਹੋਣ ਤੋਂ ਤੁਰੰਤ ਬਾਅਦ ਜਾਰੀ ਬਿਆਨ ਵਿਚ ਤੇਜਪਾਲ ਨੇ ਕਿਹਾ ਕਿ ਉਸ ਨੇ ਉਹ ਕਰਨ ਦੀ ਕੋਸ਼ਿਸ਼ ਕੀਤੀ ਸੀ ਜੋ ਉਸ ਤੋਂ ਮੰਗ ਕੀਤੀ ਗਈ ਸੀ ਅਤੇ ਪੀੜਤਾ ਦੀ ਮੰਗ ਅਨੁਸਾਰ ਮਾੜੇ ਵਰਤਾਅ ਲਈ ਮੁਆਫੀ ਵੀ ਮੰਗੀ ਸੀ।ਤੇਜਪਾਲ ਨੇ ਕਿਹਾ, ”ਇਹ ਮਾਮਲਾ ਇਸ ਲਈ ਜ਼ੋਰ ਫੜਦਾ ਜਾ ਰਿਹਾ ਹੈ ਕਿਉਂਕਿ ਇਸ ਵਿਚ ਅਜਿਹੇ ਲੋਕ ਵੀ ਸ਼ਾਮਲ ਸਨ ਜੋ ਕਿ ਪੇਸ਼ੇਵਰ ਅਤੇ ਨਿੱਜੀ ਤੌਰ ‘ਤੇ ਬਹੁਤ ਹੀ ਕਰੀਬੀ ਸਨ।” ‘ਤਹਿਲਕਾ’ ਦੇ ਸੰਸਥਾਪਕ ਸੰਪਾਦਕ ਨੇ ਕਿਹਾ, ”ਮੈਂ ਪੁਲਸ ਅਤੇ ਹੋਰ ਅਧਿਕਾਰੀਆਂ ਨੂੰ ਪੂਰੇ ਸਹਿਯੋਗ ਦੀ ਪੇਸ਼ਕਸ਼ ਕਰਦਾ ਹਾਂ ਅਤੇ ਘਟਨਾ ਨਾਲ ਜੁੜੇ ਸਾਰੇ ਤੱਥ ਉਨ੍ਹਾਂ ਸਾਹਮਣੇ ਪੇਸ਼ ਕਰਨ ਲਈ ਤਿਆਰ ਹਾਂ।” ਤੇਜਪਾਲ ਨੇ ਕਿਹਾ, ”ਮੈਂ ਕਮੇਟੀ ਅਤੇ ਪੁਲਸ ਨੂੰ ਬੇਨਤੀ ਕਰਦਾ ਹਾਂ ਕਿ ਉਹ ਸੀ. ਸੀ. ਟੀ. ਵੀ. ਫੁਟੇਜ਼ ਹਾਸਲ ਕਰਨ ਅਤੇ ਉਸ ਦੀ ਪੜਤਾਲ ਕਰਨ, ਤਾਂ ਕਿ ਘਟਨਾ ਬਾਰੇ ਉਹ ਚੀਜ਼ਾਂ ਸਾਫ ਹੋ ਸਕਣ ਜੋ ਕਿ ਅਸਲ ਵਿਚ ਹੋਈਆਂ ਹਨ।

Section: