ਯੂਨੀਵਰਸਿਟੀ ਆਫ ਆਕਲੈਂਡ ਦੀ ਖੋਜ਼-ਕਣਕ ਦੇ ਆਟੇ ਦਾ ਬਦਲ ਬਣ ਸਕਦਾ ਹੈ ਸੇਬਾਂ ਦੇ ਛਿੱਲੜਾਂ ਦਾ ਆਟਾ

On: 1 December, 2015

ਆਕਲੈਂਡ-1 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)-ਯੂਨੀਵਰਸਿਟੀ ਆਫ ਆਕਲੈਂਡ ਦੇ ਖੋਜ ਵਿਭਾਗ ਨੇ ਇਸ ਖਬਰ ਦਾ ਖੁਲਾਸਾ ਕੀਤਾ ਹੈ ਕਿ ਸੇਬਾਂ ਦੇ ਛਿੱਲੜਾਂ ਦਾ ਆਟਾ ਵੀ ਤਿਆਰ ਕੀਤਾ ਜਾ ਸਕਦਾ ਹੈ, ਜਿਹੜੇ ਕਿ ਜੂਸ ਬਨਾਉਣ ਵਾਲੀਆਂ ਕੰਪਨੀਆਂ ਵੱਲੋਂ ਟੱਨਾਂ ਦੇ ਟੱਨ ਵਿਚ ਕੂੜੇ ਦੇ ਵਿਚ ਸੁੱਟੇ ਜਾਂਦੇ ਹਨ। ਇਨ੍ਹਾਂ ਤੋਂ ਬਨਣ ਵਾਲਾ ਆਟਾ ਕਣਕ ਦੇ ਆਟੇ ਦਾ ਬਦਲ ਹੋ ਸਕਦਾ ਹੈ ਅਤੇ ਇਸ ਦੇ ਵਿਚ ਘੱਟ ਕੈਲੋਰੀ ਰੱਖੀ ਜਾ ਸਕੇਗੀ ਅਤੇ ਨਿਊਟ੍ਰੀਸ਼ਨ ਵਧਾਈ ਜਾ ਸਕੇਗੀ। ਪੀ. ਐਚ.ਡੀ. ਕਰ ਰਹੀ ਇਕ ਲੜਕੀ ਨੇ ਆਪਣੇ ਸਹਾਇਕ ਪ੍ਰੋਫੈਸਰ ਦੀ ਮਦਦ ਨਾਲ ਇਸ ਆਟੇ ਨੂੰ ਪ੍ਰੋਯੋਗਸ਼ਾਲਾ ਦੇ ਵਿਚ ਪਰਖ ਲਿਆ ਹੈ। ਜਦੋਂ ਇਹ ਖੋਜ ਸ਼ੁਰੂ ਹੋਈ ਤਾਂ ਵਿਚਾਰ ਸੀ ਕਿ ਅਜਿਹਾ ਆਟਾ ਬਣਾ ਕੇ ਪਸ਼ੂਆਂ ਨੂੰ ਖਿਲਾਇਆ ਜਾ ਸਕੇਗਾ। ਜਦੋਂ ਪਸ਼ੂਆਂ ਨੂੰ ਖਿਲਾਇਆ ਗਿਆ ਤਾਂ ਇਸ ਦੇ ਵਿਚ ਸ਼ੂਗਰ ਦੀ ਮਾਤਰਾ ਜਿਆਦਾ ਹੋਣ ਕਰਕੇ ਉਸਦਾ ਉਲਟ ਅਸਰ ਪੈ ਰਿਹਾ ਸੀ ਤੇ ਈਥੋਨਾਲ ਵਧ ਰਹੀ ਸੀ।। ਫਿਰ ਖੋਜ ਕਰਕੇ ਇਨ੍ਹਾਂ ਦੇ ਵਿਚੋਂ ਸ਼ੂਗਰ ਦੀ ਮਾਤਰਾ ਘਟਾ ਕੇ ਫਾਈਬਰ ਦੀ ਮਾਤਰਾ ਬਰਾਬਰ ਰਹਿਣ ਦਿੱਤੀ ਗਈ। ਅਜਿਹੀਆਂ ਖੋਜ਼ਾਂ ਚਲਦਿਆਂ ਪਾਇਆ ਗਿਆ ਕਿ ਇਹ ਤਾਂ ਇਨਸਾਨਾਂ ਵਾਸਤੇ ਵੀ ਵਧੀਆ ਆਟਾ ਤਿਆਰ ਹੋ ਰਿਹਾ ਹੈ। ਸੋ ਆਉਣ ਵਾਲੇ ਸਮੇਂ ਵਿਚ ਸੇਬਾਂ ਦਾ ਆਟਾ ਕਣਕ ਦੇ ਆਟੇ ਦਾ ਬਦਲ ਬਣ ਸਕਦਾ ਹੈ।