ਵਿਦੇਸ਼ਾਂ ਵਿਚ ਵੀ ਪੰਜਾਬੀ ਪੁਸਤਕਾਂ ਦਾ ਸਵਾਗਤ--ਨੌਜਵਾਨ ਲੇਖਿਕਾ ਅਮਨਦੀਪ ਦੀ ਕਿਤਾਬ 'ਬਾਈਪਾਸ' ਨਿਊਜ਼ੀਲੈਂਡ ਦੇ ਵਿਚ ਰਿਲੀਜ਼ ਕੀਤੀ ਗਈ

On: 10 January, 2015

ਆਕਲੈਂਡ 10 ਜਨਵਰੀ (ਹਰਜਿੰਦਰ ਸਿੰਘ ਬਸਿਆਲਾ)-ਪੰਜਾਬੀ ਪੁਸਤਕਾਂ ਪੜ੍ਹਨ ਦਾ ਰੁਝਾਨ ਭਾਵੇਂ ਓਨਾ ਨਹੀਂ ਰਿਹਾ ਜਿੰਨਾ ਕਿਸੇ ਸਮੇਂ ਵਿਦਿਆਰਥੀਆਂ ਅਤੇ ਸਾਹਿਤਕ ਰੁਚੀ ਰੱਖਣ ਵਾਲੇ ਲੋਕਾਂ ਵਿਚ ਹੋਇਆ ਕਰਦਾ ਸੀ ਪਰ ਵਿਦੇਸ਼ਾਂ ਦੇ ਵਿਚ ਫਿਰ ਵੀ ਪੰਜਾਬੀ ਪੁਸਤਕਾਂ ਪਹੁੰਚਣ ਉਤੇ 'ਜੀ ਆਇਆਂ' ਆਖ ਕੇ ਸਵਾਗਤ ਕੀਤਾ ਜਾਂਦਾ ਹੈ। ਅੱਜ ਇਥੇ ਹੋਏ ਇਕ ਸਮਾਗਮ ਦੇ ਵਿਚ ਪੰਜਾਬ ਦੀ ਉਭਰਦੀ ਕਹਾਣੀਕਾਰਾ ਬੀਬਾ ਅਮਨਦੀਪ (ਸ੍ਰੀ ਮੁਕਤਸਰ ਸਾਹਿਬ) ਦੇ ਕਹਾਣੀ ਸੰਗ੍ਰਹਿ 'ਬਾਈਪਾਸ' ਨੂੰ ਪੰਜਾਬੀ ਮੀਡੀਆ ਕਰਮੀਆਂ ਅਤੇ ਬਜ਼ੁਰਗਾਂ ਸੰਗ ਰਿਲੀਜ਼ ਕੀਤਾ ਗਿਆ। ਸਮਾਰੋਹ ਦੇ ਸੰਯੋਜਕ ਅਤੇ ਰੇਡੀਓ ਸਪਾਈਸ ਦੇ ਪੇਸ਼ਕਾਰ ਸ. ਹਰਮੀਕ ਸਿੰਘ ਨੇ ਬੀਬਾ ਅਮਨਦੀਪ ਜੋ ਕਿ ਬਤੌਰ ਲੈਕਚਰਾਰ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ, ਦੀ ਇਸ ਨਵੀਂ ਪੁਸਤਕ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਨ੍ਹਾਂ ਕਹਾਣੀ ਦੇ ਵਿਭਿੰਨ ਵਿਸ਼ਿਆਂ ਬਾਰੇ ਜਾਣ-ਪਛਾਣ ਵੀ ਕਰਵਾਈ। ਕਹਾਣੀਆਂ ਦੇ ਸੰਗ੍ਰਹਿ ਵਿਚ ਜ਼ਿੰਦਗੀ ਦੇ ਵੱਖ-ਵੱਖ ਪੜ੍ਹਾਵਾਂ ਦੀ ਗਾਥਾ ਅਤੇ ਪਾਤਰਾਂ ਦੀ ਬੋਲੀ ਕਿਤੇ ਮਲਵਈ ਅਤੇ ਕਿਤੇ ਸ਼ਹਿਰੀ ਰੰਗ ਵਿਚ ਰੰਗੀ ਮਿਲਦੀ ਹੈ। ਸਾਰਥਕ ਸੁਹਜ਼-ਸੁਆਦ ਦੀ ਤਰਜ਼ਮਾਨੀ ਕਰਦੀ ਇਹ ਕਿਤਾਬ ਜਿੱਥੇ ਇਕ ਬੈਠਕ ਦਾ ਸ਼ਿੰਗਾਰ ਬਨਣ ਦੇ ਕਾਬਿਲ ਹੈ ਉਥੇ ਸਾਡੇ ਸਮਾਜਿਕ ਰਿਸ਼ਤਿਆਂ ਦੀਆਂ ਕਈ ਬਾਤਾਂ ਵੀ ਜਵਾਬ ਦਿੰਦਿਆਂ ਪਾਉਂਦੀ ਹੈ। ਇਕ ਸਫਲ ਔਰਤ ਹੋਣ ਦੇ ਨਾਤੇ ਲੇਖਿਕਾ ਨੇ ਆਪਣੇ ਜ਼ਜਬਾਤ, ਬਾ-ਖੂਬੀ ਕਹਾਣੀਆਂ ਦੇ ਵਿਚ ਕਲਮਬੱਧ ਕੀਤੇ ਹਨ। ਕਿਤਾਬ ਰਿਲੀਜ਼ ਸਮਾਰੋਹ ਦੇ ਵਿਚ ਵਿਸ਼ੇਸ਼ ਤੌਰ 'ਤੇ ਉਘੇ ਉਦਮੀ ਸ. ਜੁਝਾਰ ਸਿੰਘ ਪੁੰਨੂਮਾਜਰਾ, ਮਾਤਾ ਬੇਅੰਤ ਕੌਰ, ਰੇਡੀਓ ਸਪਾਈਸ ਦੇ ਮੈਨੇਜਰ ਸ. ਪਰਮਿੰਦਰ ਸਿੰਘ ਪਾਪਾਟੋਏਟੋਏ, ਨਵਦੀਪ ਸਿੰਘ ਕਟਾਰੀਆ, ਪ੍ਰੋਗਰਾਮ ਇੰਚਾਰਜ, ਮੈਡਮ ਹਰਜੀਤ ਕੌਰ ਸਹਾਇਕ ਮੈਨੇਜਰ, ਪੇਸ਼ਕਾਰ ਹਰਮੀਕ ਸਿੰਘ, ਸ. ਬਿਕਰਮਜੀਤ ਸਿੰਘ ਮਟਰਾਂ, ਪੱਤਰਕਾਰ ਜਸਪ੍ਰੀਤ ਸਿੰਘ (ਅਜੀਤ), ਹਰਜਿੰਦਰ ਸਿੰਘ ਬਸਿਆਲਾ , ਅਮਰਜੀਤ ਸਿੰਘ ਸੰਪਾਦਕ ਕੂਕ ਅਤੇ ਕਈ ਹੋਰ ਹਾਜ਼ਿਰ ਸਨ।