ਜ਼ਿਲਾ ਲੁਧਿਆਣਾ ਦੀਆਂ ਮੰਡੀਆਂ 'ਚ ਹੱਥੋ-ਹੱਥ ਹੋ ਰਹੀ ਝੋਨੇ ਦੀ ਖਰੀਦ

On: 12 October, 2015

*ਕੁੱਲ ਆਮਦ 64.022 'ਚੋਂ 60.762 ਮੀਟਰਕ ਟਨ ਦੀ ਹੋਈ ਖਰੀਦ
*ਕਿਸਾਨ ਮੰਡੀਆਂ ਵਿੱਚ ਸੁੱਕਾ ਝੋਨਾ ਹੀ ਲੈ ਕੇ ਆਉਣ-ਸੋਨਾ ਥਿੰਦ
ਲੁਧਿਆਣਾ, 12 ਅਕਤੂਬਰ (ਸਤ ਪਾਲ ਸੋਨੀ)  ਜ਼ਿਲਾ ਖੁਰਾਕ ਅਤੇ ਸਪਲਾਈ ਕੰਟਰੋਲਰ ਮੈਡਮ ਸੋਨਾ ਥਿੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਲੁਧਿਆਣਾ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਬੜੇ ਸੁਚਾਰੂ ਤਰੀਕੇ ਨਾਲ ਚੱਲ ਰਹੀ ਹੈ। ਝੋਨਾ ਜਿਉਂ-ਜਿਉਂ  ਮੰਡੀਆਂ ਵਿੱਚ ਆ ਰਿਹਾ ਹੈ, ਉਸੇ ਵੇਲੇ ਖਰੀਦ ਕੀਤੀ ਜਾ ਰਹੀ ਹੈ। ਉਨਾਂ ਵੇਰਵਾ ਦਿੰਦਿਆਂ ਦੱਸਿਆ ਕਿ ਜ਼ਿਲ•ੇ ਦੀਆਂ 101 ਮੰਡੀਆਂ ਵਿੱਚ ਆਏ 64.022 ਮੀਟਰਕ ਟਨ ਝੋਨੇ ਵਿੱਚੋਂ ਹੁਣ ਤੱਕ 60.762 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ 40.814 ਮੀਟਰਕ ਟਨ ਝੋਨੇ ਦੀ ਲਿਫਟਿੰਗ ਵੀ ਹੋ ਚੁੱਕੀ ਹੈ, ਜਦਕਿ ਬਾਕੀ ਰਹਿੰਦੇ ਮਾਲ ਦੀ ਖਰੀਦ ਅਤੇ ਚੁਕਾਈ ਤੈਅ ਸਮਾਂ ਸੀਮਾ ਵਿੱਚ ਮੁਕੰਮਲ ਕੀਤੀ ਜਾਵੇਗੀ।
     ਉਨਾਂ ਦੱਸਿਆ ਕਿ ਜ਼ਿਲੇ ਦੀਆਂ ਵੱਖ-ਵੱਖ ਮੰਡੀਆਂ ਵਿੱਚ ਹੋਈ ਝੋਨੇ ਦੀ ਆਮਦ ਵਿੱਚੋਂ ਪਨਗਰੇਨ ਨੇ 20.290 ਮੀਟਰਕ ਟਨ, ਮਾਰਕਫੈੱਡ ਨੇ 10.858 ਮੀਟਰਕ ਟਨ, ਪਨਸਪ ਨੇ 10.986 ਮੀਟਰਕ ਟਨ, ਪੰਜਾਬ ਰਾਜ ਵੇਅਰਹਾਊਸ ਨਿਗਮ ਨੇ 8172 ਮੀਟਰਕ ਟਨ, ਪੰਜਾਬ ਐਗਰੋ ਨੇ 10086 ਮੀਟਰਕ ਟਨ, ਐੱਫ. ਸੀ. ਆਈ. ਨੇ 280 ਮੀਟਰਕ ਟਨ ਅਤੇ ਪ੍ਰਾਈਵੇਟ ਖਰੀਦਦਾਰਾਂ ਨੇ ਐਤਵਾਰ ਦੀ ਸ਼ਾਮ ਤੱਕ 90 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਹੈ। ਵਿਕੇ ਮਾਲ ਵਿੱਚੋਂ ਪਨਗਰੇਨ ਦਾ 14.775 ਮੀਟਰਕ ਟਨ, ਮਾਰਕਫੈੱਡ ਦਾ 6,523 ਮੀਟਰਕ ਟਨ, ਪਨਸਪ ਦਾ 6,184 ਮੀਟਰਕ ਟਨ, ਐੱਫ. ਸੀ. ਆਈ. ਦਾ 77 ਮੀਟਰਕ ਟਨ ਅਤੇ ਪ੍ਰਾਈਵੇਟ ਖਰੀਦਦਾਰਾਂ ਦੇ 90 ਮੀਟਰਕ ਟਨ ਮਾਲ ਦੀ ਚੁਕਾਈ ਹੋ ਚੁੱਕੀ ਹੈ। ਉਨਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਰਾਜ ਦੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ  ਫਸਲ ਦਾ ਇੱਕ-ਇੱਕ ਦਾਣਾ ਖਰੀਦਣ ਅਤੇ ਚੁੱਕਣ ਲਈ ਵਚਨਬੱਧ ਹੈ। ਖਰੀਦ ਕਾਰਜਾਂ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚਾੜਨ ਲਈ ਰਾਜ ਦੀ ਸਾਰੀ ਸਰਕਾਰੀ ਮਸ਼ੀਨਰੀ ਸਿਰਤੋੜ ਯਤਨ ਕਰ ਰਹੀ ਹੈ। ਕਿਸਾਨਾਂ ਨੂੰ ਫਸਲ ਦੀ ਅਦਾਇਗੀ ਵੀ ਸਮੇਂ ਸਿਰ ਕੀਤੀ ਜਾ ਰਹੀ ਹੈ।
     ਉਨਾਂ ਦੱਸਿਆ ਕਿ ਚਾਲੂ ਖਰੀਫ ਸੀਜਨ 2015-16 ਦੌਰਾਨ ਕਿਸਾਨਾਂ ਦੀ ਸਹਾਇਤਾ ਲਈ ਚੰਡੀਗੜ• ਵਿਖੇ ਵੀ ਇਕ ਹੈਲਪਲਾਈਨ ਨੰਬਰ ਵੀ ਸ਼ੁਰੂ ਕੀਤਾ ਗਿਆ ਹੈ। ਜੇਕਰ ਕਿਸਾਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਇਸ ਨੰਬਰ 'ਤੇ ਸਵੇਰੇ 8 ਵਜੇ ਤੋਂ ਰਾਤ 11 ਵਜੇ ਤੱਕ ਗੱਲ ਕੀਤੀ ਜਾ ਸਕਦੀ ਹੈ। ਉਨਾਂ ਦੱਸਿਆ ਕਿ ਝੋਨੇ ਦੀ ਖਰੀਦ ਪ੍ਰਕਿਰਿਆ ਸਬੰਧੀ ਕਿਸਾਨਾਂ ਤੋਂ ਇਲਾਵਾ ਕਮਿਸ਼ਨ ਏਜੰਟ, ਸ਼ੈੱਲਰ ਮਾਲਕ, ਟਰਾਂਸਪੋਰਟਰ, ਕਿਰਤੀ ਅਤੇ ਆਮ ਜਨਤਾ ਵੀ ਇਸ ਨੰਬਰ 'ਤੇ ਆਪਣੀਆਂ ਸ਼ਿਕਾਇਤਾਂ ਜਾਂ ਸੁਝਾਅ ਦਰਜ ਕਰਾ ਸਕਦੇ ਹਨ।
     ਉਨਾਂ ਦੱਸਿਆ ਕਿ ਹੈਲਪਲਾਈਨ ਨੰਬਰ 0172-2702120, 0172-2703535 ਅਤੇ 0172-2702356 ਸਥਾਪਿਤ ਕੀਤੇ ਗਏ ਹਨ ਜਦਕਿ ਜੇਕਰ ਕੋਈ ਈਮੇਲ ਭੇਜਣਾ ਚਾਹੁੰਦਾ ਹੈ ਤਾਂ ਉਹ helplinefoodsupply.pb0gmail.com 'ਤੇ ਆਪਣੀ ਈਮੇਲ ਭੇਜ ਸਕਦਾ ਹੈ। ਇਸ ਤੋਂ ਇਲਾਵਾ ਜ਼ਿਲਾ ਲੁਧਿਆਣਾ ਵਿੱਚ ਵੀ ਜ਼ਿਲਾ ਖੁਰਾਕ ਤੇ ਸਪਲਾਈ ਕੰਟਰੋਲਰਾਂ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ। ਜਿਨਾਂ ਦੇ ਨੰਬਰ ਜ਼ਿਲਾ ਖੁਰਾਕ ਤੇ ਸਪਲਾਈ ਕੰਟਰੋਲਰ (ਲੁਧਿਆਣਾ ਪੂਰਬੀ) ਲਈ      94641-68115, 0161-2453202 ਅਤੇ ਜ਼ਿਲਾ ਖੁਰਾਕ ਤੇ ਸਪਲਾਈ ਕੰਟਰੋਲਰ (ਲੁਧਿਆਣਾ ਪੱਛਮੀ) ਲਈ 94641-68024, 0161-2454202 'ਤੇ ਸੰਪਰਕ ਕੀਤਾ ਜਾ ਸਕਦਾ ਹੈ।
    ਉਨਾਂ ਦੱਸਿਆ ਕਿ ਝੋਨੇ ਦੀ ਸਾਰੀ ਖਰੀਦ ਪ੍ਰਕਿਰਿਆ 'ਤੇ ਆਨਲਾਈਨ ਨਜ਼ਰ ਰੱਖੀ ਜਾ ਰਹੀ ਹੈ ਅਤੇ ਸ਼ਿਕਾਇਤਾਂ 'ਤੇ ਸਮੱਸਿਆਵਾਂ ਦੇ ਤੁਰੰਤ ਨਿਪਟਾਰੇ ਲਈ ਮੰਡੀਆਂ ਵਿੱਚ ਵੀ ਸ਼ਿਕਾਇਤ ਨਿਵਾਰਣ ਸੈੱਲਾਂ ਦੀ ਵੀ ਸਥਾਪਨਾ ਕੀਤੀ ਗਈ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿਚ ਸੁੱਕਾ ਝੋਨਾ ਲੈ ਕੇ ਆਉਣ ਤਾਂ ਜੋ ਫਸਲ ਦੀ ਤੁਰੰਤ ਖਰੀਦ ਯਕੀਨੀ ਬਣਾਈ ਜਾ ਸਕੇ।

Section: