ਦਾਣਾ ਮੰਡੀ 'ਚ ਨਹੀਂ ਹੋ ਸਕੇ ਮਕੁੰਮਲ ਖਰੀਦ ਪ੍ਰਬੰਧ ਮੰਡੀ ਨੂੰ ਜਾਂਦੀ ਸੜਕ ਵਿਚ ਪਏ ਡੂੰਘੇ ਖੱਡੇ

On: 2 October, 2015

ਸੰਦੌੜ/ਨਥਾਣਾ,2 ਅਕਤੂਬਰ (ਹਰਮਿੰਦਰ ਸਿੰਘ ਭੱਟ/ ਸਿੱਧੂ)- ਮਾਰਕੀਟ ਕਮੇਟੀ ਨਥਾਣਾ ਅਧੀਨ ਇਥੋਂ ਦੇ ਜਿਣਸ ਖਰੀਦ ਕੇਂਦਰ ਵਿਚ ਅਜੇ ਤੱਕ ਝੋਨੇ ਦੀ ਖਰੀਦ ਸ਼ੁਰੂ ਨਹੀਂ ਹੋ ਸਕੀ ਅਤੇ ਨਾ ਹੀ ਮਾਰਕੀਟ ਕਮੇਟੀ ਵੱਲੋਂ ਦਾਣਾ ਮੰਡੀ ਅੰਦਰ ਖਰੀਦ ਪ੍ਰਬੰਧ ਮਕੁੰਮਲ ਹੋਏ ਹਨ, ਜਦ ਕਿ ਮੰਡੀ ਵਿਚ ਫ਼ਸਲ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਪਰ ਅਧਿਕਾਰੀ ਪ੍ਰਬੰਧ ਮਕੁੰਮਲ ਹੋ ਜਾਣ ਦਾ ਦਾਅਵਾ ਕਰ ਰਹੇ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਪਹਿਲੀ ਅਕਤੂਬਰ ਤੋਂ ਸਾਉਣੀ ਦੀ ਫ਼ਸਲ ਝੋਨੇ ਦੀ ਖਰੀਦ ਕਰਨ ਦਾ ਐਲਾਨ ਕੀਤਾ ਹੈ।  ਸਰਕਾਰ ਨੇ ਮੰਡੀਆਂ ਵਿਚ ਇਕ ਅਕਤੂਬਰ ਤੱਕ ਸਾਰੇ ਪ੍ਰਬੰਧ ਮਕੁੰਮਲ ਕਰਨ ਦੇ ਆਦੇਸ਼ ਕੀਤੇ ਹੋਏ ਹਨ ਪ੍ਰੰਤੂ ਨਥਾਣਾ ਦੀ ਅਨਾਜ ਮੰਡੀ ਵਿਚ ਅਜਿਹੇ ਪ੍ਰਬੰਧਾਂ ਦੀ ਘਾਟ ਸਪੱਸ਼ਟ ਦਿਖਾਈ ਦਿੰਦੀ ਹੈ।  ਮੰਡੀ ਵਿਚ ਮਾਰਕੀਟ ਕਮੇਟੀ ਦੁਆਰਾ ਸਫ਼ਾਈ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਸਗੋਂ ਆੜਤੀਆਂ ਦੇ ਕਾਮੇ ਹੀ ਆਪਣੇ ਆਪਣੇ ਹਿੱਸੇ ਆਉਦੇ ਥਾਂ ਨੂੰ ਸਾਫ਼ ਕਰਦੇ ਨਜ਼ਰ ਆਏ। ਕਿਸਾਨਾਂ ਨੇ ਪੱਤਰਕਾਰਾਂ ਨੂੰ ਦਿਖਾਇਆ ਕਿ ਬਾਥਰੂਮਾਂ ਦੀ ਕੋਈ ਸਫ਼ਾਈ ਨਹੀਂ ਹੈ, ਇਨਾਂ ਦੀ ਹਾਲਤ ਵੀ ਘਾਹ ਫੂਸ ਨੇ ਖਰਾਬ ਕਰ ਰੱਖੀ ਹੈ। ਇਸ ਘਾਹ ਫੂਸ ਵਿਚ ਅਨੇਕਾਂ ਜ਼ਹਰੀਲੇ ਜਾਨਵਾਰਾਂ ਦੇ ਰਹਿਣ ਦਾ ਡਰ ਹੋਣ ਕਰਕੇ ਕਿਸਾਨ ਖੁੱਲੇ ਮੈਦਾਨ ਵਿਚ ਜਾਣ ਲਈ ਮਜਬੂਰ ਹਨ। ਇਸ ਨਾਲ ਆਲੇ ਦੁਆਲੇ ਰਹਿ ਰਹੇ ਲੋਕਾਂ ਨੂੰ ਬਿਮਾਰੀਆਂ ਲੱਗਣ ਦਾ ਡਰ ਸਤਾ ਰਿਹਾ ਹੈ। ਕਿਸਾਨਾਂ ਨੇ ਦੱਸਿਆਂ ਕਿ ਦਾਣਾ ਮੰਡੀ ਨੂੰ ਜਾਣ ਵਾਲੀ ਸੜਕ ਦੀ ਹਾਲਤ ਇਨੀ ਖਸਤਾ ਹੈ ਕਿ ਝੋਨੇ ਨਾਲ ਭਰੀਆਂ ਟਰਾਲੀਆਂ ਦੇ ਟਾਇਰ ਫਟਣ ਅਤੇ ਪਲਟਣ ਦਾ ਖਤਰਾ ਹੈ। ਇਸ ਸੜਕ ਤੇ ਕਦੋਂ ਵੀ ਵਿਆਪਕ ਹਾਦਸਾ ਵਾਪਰ ਸਕਦਾ ਹੈ, ਇਹ ਸੜਕ ਕਿਸਾਨਾਂ ਦੀ ਜਾਨ ਦੀ ਖੌਅ ਬਣਦੀ ਜਾ ਰਹੀ ਹੈ। ਨਗਰ ਪੰਚਾਇਤ ਨਥਾਣਾ ਦੇ ਪ੍ਰਧਾਨ ਦਿਲਬਾਗ ਸਿੰਘ ਮਾਰਕੀਟ ਕਮੇਟੀ ਦੇ ਸਬੰਧਿਤ ਅਧਿਕਾਰੀਆਂ ਨੂੰ ਕਈ ਵਾਰ ਸੜਕ ਬਣਾਉਣ ਦੀ ਮੰਗ ਕਰ ਚੁੱਕੇ ਹਨ ਪਰ ਉਨਾਂ ਦੇ ਲਾਰੇ ਤੋ ਸਵਾਇ ਕੁਝ ਵੀ ਪੱਲੇ ਨਹੀਂ ਪਿਆ। ਇਸ ਬਾਰੇ ਮਾਰਕੀਟ ਕਮੇਟੀ ਨਥਾਣਾ ਦੇ ਅਧਿਕਾਰੀ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਮੰਡੀਆਂ ਵਿਚ ਸਾਰੇ ਲੋੜੀਂਦੇ ਪ੍ਰਬੰਧ ਤਕਰੀਬਨ ਮਕੁੰਮਲ ਕਰ ਲਏ ਗਏ ਹਨ।
ਸਫਾਈ ਕਰਦੇ ਆੜਤੀਆਂ ਦੇ ਕਾਮੇ,
ਬਾਥਰੂਮ ਦੇ ਆਲੇ ਦੁਆਲੇ ਉੱਗਿਆ ਘਾਹ ਫੂਸ,
ਮੰਡੀ ਵਿਚ ਪਏ ਝੋਨੇ ਦਾ ਦ੍ਰਿਸ਼।

Section: