ਡੇਂਗੂ ਬੁਖ਼ਾਰ ਦੇ ਪ੍ਰਕੋਪ ਤੋਂ ਡਰਨ ਦੀ ਲੋੜ ਨਹੀਂ, ਸਥਿਤੀ ਕਾਬੂ ਵਿੱਚ-ਜਿਆਣੀ

On: 2 October, 2015

*ਵਿਸ਼ੇਸ਼ ਲੋੜਾਂ ਵਾਲੇ ਉਮੀਦਵਾਰਾਂ ਲਈ ਲਗਾਏ 'ਰੁਜ਼ਗਾਰ ਮੇਲੇ ਵਿੱਚ ਸ਼ਿਰਕਤ

ਲੁਧਿਆਣਾ, 2 ਅਕਤੂਬਰ (ਸਤ ਪਾਲ ਸੋਨੀ) ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗਾਂ ਦੇ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਦਾਅਵਾ ਕੀਤਾ ਹੈ ਕਿ ਸਿਹਤ ਤੇ ਸਥਾਨਕ ਸਰਕਾਰਾਂ ਵਿਭਾਗਾਂ ਵੱਲੋਂ ਕੀਤੇ ਗਏ ਸਾਂਝੇ ਯਤਨਾਂ ਸਦਕਾ ਸੂਬੇ ਵਿੱਚ ਡੇਂਗੂ ਦੀ ਸਥਿਤੀ ਹੁਣ ਕਾਬੂ ਹੇਠ ਹੈ। ਇਸ ਕਰਕੇ ਇਸ ਬੁਖ਼ਾਰ ਦੇ ਪ੍ਰਕੋਪ ਤੋਂ ਹੁਣ ਡਰਨ ਦੀ ਲੋੜ ਨਹੀਂ ਹੈ। ਸਥਾਨਕ ਚੰਡੀਗੜ• ਸੜਕ ਸਥਿਤ ਵਿਸ਼ੇਸ਼ ਲੋੜਾਂ ਵਾਲਿਆਂ ਦੇ ਬੱਚਿਆਂ ਵਿੱਚ ਲਗਾਏ ਗਏ ਰੁਜ਼ਗਾਰ ਮੇਲੇ ਵਿੱਚ ਸ਼ਿਰਕਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਜਿਆਣੀ ਨੇ ਕਿਹਾ ਕਿ ਅੱਜ ਤੱਕ ਪੂਰੇ ਸੂਬੇ ਵਿੱਚ ਕੁੱਲ 3747 ਵਿਅਕਤੀ ਡੇਂਗੂ ਬੁਖ਼ਾਰ ਤੋਂ ਪ੍ਰਭਾਵਿਤ ਪਾਏ ਗਏ ਹਨ, ਜਿਨਾਂ ਵਿੱਚੋਂ 620 ਵਿਅਕਤੀ ਇਲਾਜ ਕਰਵਾ ਰਹੇ ਹਨ, ਜਦਕਿ ਇਸ ਬੁਖ਼ਾਰ ਨਾਲ ਹੁਣ ਤੱਕ 3 ਮੌਤਾਂ ਹੋਈਆਂ ਸਿੱਧ ਹੋਈਆਂ ਹਨ।
    ਸ੍ਰੀ ਜਿਆਣੀ ਨੇ ਕਿਹਾ ਕਿ ਇਸ ਬੁਖ਼ਾਰ ਦੇ ਪ੍ਰਕੋਪ ਤੋਂ ਹੁਣ ਡਰਨ ਦੀ ਲੋੜ ਨਹੀਂ ਹੈ, ਕਿਉਂਕਿ ਸਿਹਤ ਅਤੇ ਸਥਾਨਕ ਸਰਕਾਰਾਂ ਵਿਭਾਗਾਂ ਦੇ ਸਾਂਝੇ ਯਤਨਾਂ ਸਦਕਾ ਇਸ ਬੁਖ਼ਾਰ 'ਤੇ ਤਕਰੀਬਨ ਪੂਰੀ ਤਰਾਂ ਕਾਬੂ ਪਾ ਲਿਆ ਗਿਆ ਹੈ। ਸਾਂਝੀਆਂ ਟੀਮਾਂ ਵੱਲੋਂ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਘਰਾਂ ਅਤੇ ਵਪਾਰਕ ਅਦਾਰਿਆਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਡੇਂਗੂ ਲਈ ਜਿੰਮੇਵਾਰ ਮੱਛਰ ਦਾ ਲਾਰਵਾ ਲੱਭ ਕੇ ਉਸਨੂੰ ਨਸ਼ਟ ਕੀਤਾ ਜਾ ਸਕੇ।  

    ਇਸ ਮੌਕੇ ਲਗਾਏ ਗਏ ਰੁਜ਼ਗਾਰ ਮੇਲੇ ਵਿੱਚ 14 ਕੰਪਨੀਆਂ ਨੇ 450 ਤੋਂ ਵਧੇਰੇ ਵਿਸ਼ੇਸ਼ ਲੋੜਾਂ ਵਾਲੇ ਉਮੀਦਵਾਰਾਂ ਦੀ ਰਜਿਸਟਰੇਸ਼ਨ ਕੀਤੀ। ਜਿਨਾਂ ਵਿੱਚੋਂ 80 ਉਮੀਦਵਾਰਾਂ ਨੂੰ ਮੌਕੇ 'ਤੇ ਨਿਯੁਕਤੀ ਪੱਤਰ ਦਿੱਤੇ ਗਏ। ਜਦਕਿ ਬਾਕੀ ਰਹਿੰਦੇ ਉਮੀਦਵਾਰਾਂ ਨੂੰ ਗੈਰ ਸਰਕਾਰੀ ਸੰਸਥਾ 'ਸਾਰਥਕ' ਵੱਲੋਂ ਹੁਨਰ ਸਿਖ਼ਲਾਈ ਦਿੱਤੀ ਜਾਵੇਗੀ ਤਾਂ ਕਿ ਇਨਾਂ ਨੂੰ ਵੀ ਯੋਗ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ।

     ਇਥੇ ਦੱਸਣਯੋਗ ਹੈ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਆਪਣੇ ਪੈਰਾਂ 'ਤੇ ਖੜਾ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਗੈਰ ਸਰਕਾਰੀ ਸੰਸਥਾ 'ਸਾਰਥਕ' ਦੇ ਸਹਿਯੋਗ ਨਾਲ ਇਹ ਰੁਜ਼ਗਾਰ ਮੇਲਾ ਲਗਾਇਆ ਗਿਆ ਸੀ, ਜਿਸ ਵਿੱਚ ਪੂਰੇ ਸੂਬੇ ਭਰ ਤੋਂ ਸੈਂਕੜੇ ਉਮੀਦਵਾਰਾਂ ਨੇ ਭਾਗ ਲਿਆ।
    ਇਸ ਤੋਂ ਬਾਅਦ ਸ੍ਰੀ ਜਿਆਣੀ ਨੇ ਨੈਸ਼ਨਲ ਫੈਡਰੇਸ਼ਨ ਆਫ਼ ਬਲਾਈਂਡ ਦੇ ਦਫ਼ਤਰ ਦਾ ਵੀ ਦੌਰਾ ਕੀਤਾ। ਇਸ ਮੌਕੇ ਬਲਾਈਂਡ ਵਿਅਕਤੀਆਂ ਨੂੰ ਭਰੋਸਾ ਦਿੱਤਾ ਕਿ ਉਨਾਂ ਦੀਆਂ ਮੰਗਾਂ 'ਤੇ ਪੰਜਾਬ ਸਰਕਾਰ ਵੱਲੋਂ ਬੜੀ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ। ਸ੍ਰੀ ਜਿਆਣੀ ਨੇ ਫੈੱਡਰੇਸ਼ਨ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦੇਣ ਅਤੇ ਕੰਪਲੈਕਸ ਵਿੱਚ ਇੱਕ ਕਮਰਾ ਅਲਾਟ ਕਰਨ ਦਾ ਵੀ ਐਲਾਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਵ) ਸ਼੍ਰੀਮਤੀ ਸ਼ੇਨਾ ਅਗਰਵਾਲ, ਐੱਸ. ਡੀ. ਐੱਮ. ਸਮਰਾਲਾ ਸ਼੍ਰੀਮਤੀ ਅਨੁਪ੍ਰਿਤਾ ਜੌਹਲ, ਸ੍ਰ. ਗੁਰਪ੍ਰੀਤ ਸਿੰਘ, ਸ੍ਰ. ਪਰਮਿੰਦਰ ਸਿੰਘ ਫੁੱਲਾਂਵਾਲ ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਹਾਜ਼ਿਰ ਸਨ।




 

Section: