ਸਿਹਤ ਸਮਾਰਟ ਕਾਰਡ ਧਾਰਕਾਂ ਦਾ ਹੋਇਆ ਕਰੇਗਾ 30 ਹਜ਼ਾਰ ਰੁਪਏ ਤੱਕ ਦਾ ਮੁਫ਼ਤ ਇਲਾਜ਼-ਮਹੇਸ਼ਇੰਦਰ ਸਿੰਘ ਗਰੇਵਾਲ

On: 13 September, 2015

*ਸੋਹਾਣਾ ਹਸਪਤਾਲ ਵੱਲੋਂ ਲਗਾਏ ਕੈਂਪ 'ਚ 750 ਤੋਂ ਵਧੇਰੇ ਮਰੀਜ਼ਾਂ ਦੀ ਮੁਫ਼ਤ ਜਾਂਚ

ਲੁਧਿਆਣਾ, 13 ਸਤੰਬਰ (ਸਤ ਪਾਲ ਸੋਨੀ)  ਹਰੇਕ ਵਰਗ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਜਲਦੀ ਹੀ ਨਵੀਂ ਸਿਹਤ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਤਹਿਤ ਸਿਹਤ ਸਮਾਰਟ ਕਾਰਡ ਧਾਰਕ ਹਰੇਕ ਵਿਅਕਤੀ ਨੂੰ 30 ਹਜ਼ਾਰ ਤੱਕ ਦਾ ਇਲਾਜ਼ ਬਿਲਕੁਲ ਮੁਫ਼ਤ ਕੀਤਾ ਜਾਵੇਗਾ। ਇਹ ਜਾਣਕਾਰੀ ਸਾਬਕਾ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਸ੍ਰ. ਮਹੇਸ਼ਇੰਦਰ ਸਿੰਘ ਗਰੇਵਾਲ ਨੇ ਅੱਜ ਸਥਾਨਕ ਪੱਖੋਵਾਲ ਸੜਕ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਹਸਪਤਾਲ ਵਿਖੇ ਮੁਫ਼ਤ ਮੈਡੀਕਲ ਕੈਂਪ ਦਾ ਉਦਘਾਟਨ ਕਰਨ ਮੌਕੇ ਦਿੱਤੀ।
    ਰਸਮੀਂ ਉਦਘਾਟਨ ਕਰਨ ਉਪਰੰਤ ਹਸਪਤਾਲ ਪ੍ਰਬੰਧਕਾਂ ਨਾਲ ਗੱਲਬਾਤ ਕਰਦਿਆਂ ਸ੍ਰ. ਗਰੇਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਅਤੇ ਸਿੱਖਿਆ ਸਹੂਲਤਾਂ ਦੇ ਢਾਂਚਾਗਤ ਵਿਕਾਸ 'ਤੇ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ। ਇਸ ਕੋਸ਼ਿਸ਼ ਤਹਿਤ ਹੀ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਹਰੇਕ ਵਿਅਕਤੀ ਨੂੰ ਵਧੀਆ ਸਿਹਤ ਯਕੀਨੀ ਬਣਾਉਣ ਲਈ ਸਮਾਰਟ ਕਾਰਡ ਜਾਰੀ ਕੀਤੇ ਜਾਣ। ਇਹ ਕਾਰਡ ਧਾਰਕ ਵਿਅਕਤੀ ਨੂੰ ਭਵਿੱਖ ਵਿੱਚ ਕੋਈ ਵੀ ਬਿਮਾਰੀ ਹੋਣ 'ਤੇ 30 ਹਜ਼ਾਰ ਰੁਪਏ ਤੱਕ ਦਾ ਇਲਾਜ਼ ਪੂਰੀ ਤਰਾਂ ਮੁਫ਼ਤ ਮੁਹੱਈਆ ਕਰਵਾਇਆ ਜਾਇਆ ਕਰੇਗਾ।
    ਉਨਾਂ ਦੱਸਿਆ ਕਿ ਉੱਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨੀਂ ਜਿੱਥੇ ਲੁਧਿਆਣਾ ਵਿੱਚ 4.90 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ 30 ਬਿਸਤਰਿਆਂ ਵਾਲੇ ਕਮਿਊਨਿਟੀ ਹੈੱਲਥ ਸੈਂਟਰ ਦਾ ਉਦਘਾਟਨ ਕੀਤਾ, ਉਥੇ ਸ਼ਿਮਲਾਪੁਰੀ ਵਿਖੇ 4.25 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਕਮਿਊਨਿਟੀ ਹੈੱਲਥ ਸੈਂਟਰ ਦਾ ਨੀਂਹ ਪੱਥਰ ਵੀ ਰੱਖਿਆ। ਉਨਾਂ ਕਿਹਾ ਕਿ ਅਰਬਨ ਹੈੱਲਥ ਮਿਸ਼ਨ ਤਹਿਤ ਸੂਬੇ ਭਰ ਵਿੱਚ 11 ਕਮਿਊਨਿਟੀ ਹੈੱਲਥ ਸੈਂਟਰ ਅਤੇ 60 ਅਰਬਨ ਪ੍ਰਾਇਮਰੀ ਹੈੱਲਥ ਸੈਂਟਰ ਉਸਾਰੇ ਜਾ ਰਹੇ ਹਨ। ਇਸ ਤਹਿਤ ਲੁਧਿਆਣਾ ਵਿੱਚ 6, ਜਲੰਧਰ ਵਿੱਚ 3 ਅਤੇ ਸ੍ਰੀ ਅੰਮ੍ਰਿਤਸਰ ਸਾਹਿਬ 'ਚ 2 ਕਮਿਊਨਿਟੀ ਹੈੱਲਥ ਸੈਂਟਰ ਉਸਾਰੇ ਜਾਣੇ ਹਨ।
     ਹਸਪਤਾਲ ਦੇ ਮੁੱਖ ਕਾਰਜਕਾਰੀ ਅਫ਼ਸਰ ਅਤੇ ਹੱਡੀਆਂ ਦੇ ਮਾਹਿਰ ਡਾਕਟਰ ਸ੍ਰ. ਗਗਨਦੀਪ ਸਿੰਘ ਨੇ ਦੱਸਿਆ ਕਿ ਅੱਖਾਂ, ਹੱਡੀਆਂ ਅਤੇ ਜੋੜ ਬਦਲਣ ਸੰਬੰਧੀ ਲਗਾਏ ਇਸ ਕੈਂਪ ਵਿੱਚ 750 ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ ਹੈ, ਜਿਹੜੇ ਮਰੀਜਾਂ ਨੂੰ ਆਪਰੇਸ਼ਨ ਜਾਂ ਹੋਰ ਇਲਾਜ਼ ਦੀ ਜ਼ਰੂਰਤ ਹੋਵੇਗੀ, ਉਨਾਂ ਦਾ ਇਲਾਜ਼ ਵੀ ਸੋਹਾਣਾ (ਜ਼ਿਲਾ ਮੋਹਾਲੀ) ਵਿਖੇ ਮੁੱਖ ਹਸਪਤਾਲ ਵਿੱਚ ਕਰਵਾਇਆ ਜਾਵੇਗਾ। ਉਨਾਂ ਦੱਸਿਆ ਕਿ ਇਹ ਚੈਰੀਟੇਬਲ ਹਸਪਤਾਲ ਪੰਥ ਰਤਨ ਭਾਈ ਸਾਹਿਬ ਭਾਈ ਜਸਬੀਰ ਸਿੰਘ ਖਾਲਸਾ ਖੰਨੇ ਵਾਲਿਆਂ ਦੀ ਦੇਣ ਹੈ, ਜਿੱਥੇ ਕਿ ਅੱਖਾਂ, ਦੰਦਾਂ ਅਤੇ ਹੋਰ ਬਿਮਾਰੀਆਂ ਦਾ ਬਹੁਤ ਹੀ ਰਿਆਇਤੀ ਦਰਾਂ 'ਤੇ ਆਧੁਨਿਕ ਤਕਨੀਕ ਨਾਲ ਇਲਾਜ਼ ਕੀਤਾ ਜਾਂਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਸਪਤਾਲ ਦੇ ਪ੍ਰਬੰਧਕੀ ਮੈਨੇਜਰ ਸ੍ਰ. ਅਮਨਦੀਪ ਸਿੰਘ ਅਤੇ ਹੋਰ ਪਤਵੰਤੇ ਵੀ ਹਾਜ਼ਿਰ ਸਨ।
 

Section: