ਸਿਰਫ ਇੱਕ ਵਾਰ ਪਾਣੀ ਲਾਉਣ ਨਾਲ ਫਸਲ ਤਿਆਰ

On: 8 April, 2016

ਸੰਦੌੜ 08 ਅਪ੍ਰੈਲ (ਹਰਮਿੰਦਰ ਸਿੰਘ ਭੱਟ) ਜਿਨਾਂ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ, ਉੱਥੋਂ ਦੇ ਕਿਸਾਨਾਂ ਲਈ ਰਾਹਤ ਭਰੀ ਖਬਰ ਹੈ। ਇੰਡੀਅਨ ਕੌਂਸਲ ਆਫ਼ ਐਗਰੀਕਲਚਰ ਰਿਸਰਚ (ਆਈ.ਸੀ.ਏ.ਆਰ.) ਨੇ ਪੂਸਾ ਹਾਈਡ੍ਰੋਜੈਲ ਨਾਮ ਦਾ ਇੱਕ ਪਦਾਰਥ ਵਿਕਸਿਤ ਕੀਤਾ ਹੈ ਜਿਹੜਾ ਦੋ ਜਾਂ ਤਿੰਨ ਵਾਰ ਪਾਣੀ ਦੇਣ ਵਾਲੀਆਂ ਫ਼ਸਲਾਂ ਨੂੰ ਸਿਰਫ਼ ਇੱਕ ਵਾਰ ਦੀ ਸਿੰਜਾਈ ਵਿੱਚ ਤਿਆਰ ਕਰ ਦਿੰਦਾ ਹੈ। ਸ਼ਿਯੋਪੁਰ ਜ਼ਿਲੇ ਦੇ ਬਡੌਦਾ ਖੇਤੀ ਵਿਗਿਆਨ ਕੇਂਦਰ ਨੇ ਇਸ ਦਾ ਪ੍ਰਯੋਗ ਛੋਲਿਆਂ ਤੇ ਕਣਕ ਦੀਆਂ ਫ਼ਸਲਾਂ ਵਿੱਚ ਕੀਤਾ ਹੈ ਜਿਸ ਦੇ ਨਤੀਜੇ ਉਮੀਦ ਨਾਲੋਂ ਵੀ ਚੰਗੇ ਨਿਕਲੇ ਹਨ।
ਇੰਝ ਕੰਮ ਕਰਦਾ ਪੂਸਾ ਹਾਈਡ੍ਰੋਜੈਲ:-
    ਪੂਸਾ ਹਾਈਡ੍ਰੋਜੈਲ ਬਰੀਕ ਕੰਕਰੀਟ ਵਰਗਾ ਹੈ। ਇਸ ਨੂੰ ਫ਼ਸਲ ਦੀ ਬਿਜਾਈ ਦੇ ਸਮੇਂ ਹੀ ਬੀਜ ਦੇ ਨਾਲ ਖੇਤਾਂ ਵਿੱਚ ਪਾਇਆ ਜਾਂਦਾ ਹੈ। ਜਦੋਂ ਫ਼ਸਲ ਵਿੱਚ ਪਹਿਲਾਂ ਪਾਣੀ ਦਿੱਤਾ ਜਾਂਦਾ ਹੈ ਤਾਂ ਪੂਸਾ ਹਾਈਡ੍ਰੋਜੈਲ ਪਾਣੀ ਨੂੰ ਸੁਕਾ ਕੇ 10 ਮਿੰਟ ਵਿੱਚ ਫੁੱਲ ਜਾਂਦਾ ਹੈ ਤੇ ਜ਼ੈਲ ਵਿੱਚ ਬਦਲ ਜਾਂਦਾ ਹੈ। ਜ਼ੈਲ ਵਿੱਚ ਬਦਲਿਆ ਇਹ ਪਦਾਰਥ ਗਰਮੀ ਜਾਂ ਹੁੰਮਸ ਨਾਲ ਸੁੱਕਦਾ ਨਹੀਂ ਕਿਉਂਕਿ ਇਹ ਜੜਾਂ ਨਾਲ ਚਿਪਕਦਾ ਰਹਿੰਦਾ ਹੈ। ਇਸ ਲਈ ਪੌਦਾ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਜੜਾਂ ਦੇ ਮਾਧਿਅਮ ਤੋਂ ਇਸ ਜ਼ੈਲ ਦਾ ਪਾਣੀ ਸੋਖਦਾ ਰਹਿੰਦਾ ਹੈ। ਇਹ ਜ਼ੈਲ ਢਾਈ ਤੋਂ ਤਿੰਨ ਮਹੀਨੇ ਤੱਕ ਇੱਕੋ ਜਿਹਾ ਰਹਿ ਸਕਦਾ ਹੈ।
ਖੇਤ ਵਿੱਚ ਬੁਰਾ ਅਸਰ ਨਹੀਂ, ਅਨਾਜ ਦਾ ਦਾਣਾ ਵੀ ਵੱਡਾ:-
    ਬਡੌਦਾ ਖੇਤੀ ਵਿਗਿਆਨ ਕੇਂਦਰ ਦੇ ਵਿਗਿਆਨੀ ਚੰਦਰਭਾਨ ਸਿੰਘ ਮੁਤਾਬਕ ਜਿਸ ਖੇਤ ਵਿੱਚ ਛੋਲੇ ਤੇ ਕਣਕ ਨਾਲ ਇਹ ਪਦਾਰਥ ਪਾਇਆ ਗਿਆ ਉੱਥੇ ਸਿਰਫ਼ ਇੱਕ ਪਾਣੀ ਵਿੱਚ ਹੀ ਫ਼ਸਲ ਤਿਆਰ ਹੋ ਗਈ। ਇੰਨਾ ਹੀ ਨਹੀਂ ਪੂਸਾ ਹਾਈਡ੍ਰੋਜੈਲ ਦੇ ਸਹਾਰੇ ਹੋਏ ਛੋਲਿਆਂ ਦੇ ਦਾਣੇ ਦਾ ਆਕਾਰ ਵੀ ਦੋ ਵਾਰ ਦੀ ਸਿੰਜਾਈ ਤੋਂ ਹੋਏ ਛੋਲਿਆਂ ਤੋਂ ਕਿਤੇ ਵੱਡਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਪਦਾਰਥ ਤੋਂ ਖੇਤ ਵਿੱਚ ਕੋਈ ਬੁਰਾ ਅਸਰ ਨਹੀਂ ਹੋਇਆ।
ਇੱਕ ਏਕੜ ਵਿੱਚ 12 ਸੌ ਦਾ ਖ਼ਰਚ:-
     ਹੁਣ ਪੂਸਾ ਹਾਈਡ੍ਰੋਜੈਲ ਦੀ ਕੀਮਤ 1200 ਰੁਪਏ ਕਿੱਲੋ ਹੈ। ਇੱਕ ਏਕੜ ਦੇ ਬੀਜ ਨਾਲ ਇੱਕ ਕਿੱਲੋ ਪੂਸਾ ਹਾਈਡ੍ਰੋਜੈਲ ਪਾਇਆ ਜਾਂਦਾ ਹੈ। ਜਦਕਿ ਮੋਟਰਾਂ ਨਾਲ ਇੱਕ ਵਾਰ ਦੀ ਸਿੰਜਾਈ ਵਿੱਚ ਕਿਸਾਨ ਨੂੰ ਇੱਕ ਏਕੜ ਲਈ 500 ਤੋਂ 700 ਰੁਪਏ ਦੇਣੇ ਪੈਂਦੇ ਹਨ। ਖੇਤੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਜਿੱਥੇ ਪਾਣੀ ਨਹੀਂ ਉੱਥੇ ਇਹ ਤਕਨੀਕ ਵਰਦਾਨ ਹੈ।