ਸਿੱਖ ਵਿਰਸਾ ਸੰਭਾਲ ਅਤੇ ਧਰਮ ਪ੍ਰਚਾਰ ਲਹਿਰ ਨੇ ਮੁਕੰਮਲ ਕੀਤੇ ਕੌਮੀ ਸੇਵਾ ਦੇ ਦਸ ਸਾਲ

On: 12 February, 2016

ਸਿੱਖ ਵਿਰਸਾ ਸੰਭਾਲ ਅਤੇ ਧਰਮ ਪ੍ਰਚਾਰ ਲਹਿਰ ਨੇ ਮੁਕੰਮਲ ਕੀਤੇ ਕੌਮੀ ਸੇਵਾ ਦੇ ਦਸ ਸਾਲ
ਸਾਲ ੨੦੧੬ ਦੌਰਾਨ ਧਰਮ ਪ੍ਰਚਾਰ ਲਹਿਰ ਹੋਰ ਪ੍ਰਚੰਡ ਕੀਤੀ ਜਾਵੇਗੀ:ਜਥੇਦਾਰ ਬਲਦੇਵ ਸਿੰਘ
 ਅੰਮ੍ਰਿਤਸਰ:੧੧ਫਰਵਰੀ:ਨਰਿੰਦਰ ਪਾਲ ਸਿੰਘ:
ਸਿੱਖ ਨੌਜੁਆਨਾਂ ਵਿੱਚ ਵੱਧ ਰਹੇ ਪਤਿਤਪੁਣੇ ਤੇ ਨਸ਼ਿਆਂ ਦੇ ਰੁਝਾਨ ਦੇ ਨਾਲ ਨਾਲ ਨਕਲੀ ਦੇਹਧਾਰੀ ਗੁਰੁ ਡੰਮ ਨੂੰ ਠੱਲ ਪਾਣ ਦੀ ਮਨਸ਼ਾ ਨਾਲ ਸਾਲ ੨੦੦੬ ਵਿੱਚ ਸ਼ੁਰੂ ਕੀਤੀ ਗਈ ਸਿੱਖ ਵਿਰਸਾ ਸੰਭਾਲ ਅਤੇ ਧਰਮ ਪ੍ਰਚਾਰ ਲਹਿਰ ਨੇ ਕੌਮੀ ਸੇਵਾ ਦੇ ਦਸ ਸਾਲ ਪੂਰੇ ਕਰਦਿਆਂ  ੧੧ਵੇਂ ਸਾਲ ਵਿੱਚ ਕਦਮ ਰੱਖ ਲਿਆ ਹੈ।ਅੱਜ ਇਥੇ ਗਲਬਾਤ ਕਰਦਿਆਂ ਲਹਿਰ ਦੇ ਮੁਖੀ ਅਤੇ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ ਨੇ ਦੱਸਿਆ ਕਿ ਧਰਮ ਪ੍ਰਚਾਰ ਤੇ ਪ੍ਰਸਾਰ ਦਾ ਜੋ ਕਾਰਜ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਅਰਦਾਸ ਕਰਨ ਉਪਰੰਤ ਸਾਲ ੨੦੦੬ ਵਿੱਚ ਸ਼ੁਰੂ ਕੀਤਾ ਗਿਆ ਸੀ ਉਸ ਤਹਿਤ ਹੁਣ ਤੀਕ ਪੰਜਾਬ ਦੇ ੩੯੦੦ ਦੇ ਕਰੀਬ ਪਿੰਡਾਂ ,ਕਸਬਿਆਂ ਤੇ ਸ਼ਹਿਰਾਂ ਤੀਕ ਪਹੁੰਚ ਬਣਾਈ ਗਈ ਸਾਢੇ ਤਿੰਨ ਲੱਖ ਦੇ ਕਰੀਬ ਪ੍ਰਾਣੀ ਖੰਡੇ ਬਾਟੇ ਦੀ ਪਾਹੁਲ ਛਕਕੇ ਗੁਰੁ ਵਾਲੇ ਬਣੇ ,੪ ਲੱਖ ਦੇ ਕਰੀਬ ਪਤਿਤ ਨੌਜੁਆਨਾਂ ਨੇ ਕੇਸ ਰੱਖਣ ਦਾ ਪ੍ਰਣ ਲਿਆ ।ਜਥੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਧਰਮ ਪ੍ਰਚਾਰ ਲਹਿਰ ਤਹਿਤ ਹੀ ਸੂਬੇ ਵਿੱਚ ਨਕਲੀ ਦੇਹਧਾਰੀ ਗੁਰੂਡੰਮ ਖਿਲਾਫ ਕੀਤੇ ਪ੍ਰਚਾਰ ਦਾ ਸਦਕਾ ੩੫ ਹਜਾਰ ਦੇ ਕਰੀਬ ਡੇਰਾ ਸਿਰਸਾ ਦੇ ਚੁੰਗਲ 'ਚ ਫਸੇ ਪ੍ਰੇਮੀਆਂ ਨੇ ਘਰ ਵਾਪਸੀ ਕਰਦਿਆਂ ਪੰਥ ਵਿੱਚ ਸ਼ਾਮਿਲ ਹੋਣਾ ਕੀਤਾ ਹੈ ।ਉਨ੍ਹਾਂ ਦੱਸਿਆ ਕਿ ਇਹ ਧਰਮ ਪ੍ਰਚਾਰ ਲਹਿਰ ਦਾ ਮੁਖ ਸੂਤਰਧਾਰ ਮੁਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਦੇ ਧਰਮ ਸੁਪਤਨੀ ਸਨ ਲੇਕਿਨ ਉਨ੍ਹਾਂ ਦੇ ਅਕਾਲ ਚਲਾਣਾ ਕਰਦਿਆਂ ਹੀ ਇਹ ਲਹਿਰ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੇ ਦੇਸ਼ ਵਿਦੇਸ਼ ਦੇ ਯੂਨਿਟਾਂ ਅਤੇ ਖਾਲਸਾ ਇੰਟਰਨੈਸ਼ਨਲ ਵੈਲਫੈਅਰ ਸੁਸਾਇਟੀ ਡਰਬੀ(ਯੂ.ਕੇ.)ਦੇ ਪ੍ਰਧਾਨ ਸ੍ਰ ਬਲਬਿੰਦਰ ਸਿੰਘ ਨੰਨੂਆਂ ਦੇ ਸੰਪੂਰਣ ਆਰਥਿਕ ਸਹਿਯੋਗ ਨਾਲ ਚਲ ਰਹੀ ਹੈ ਲਹਿਰ ਪਾਸ ਸੁਸਾਇਟੀ ਵਲੋਂ ਦਿੱਤੀ ੨੦ ਲੱਖ ਰੁਪਏ ਦੀ ਕੀਮਤ ਦੀ ਸਪੈਸ਼ਲ ਬੱਸ ,ਫਿਲਮ ਪ੍ਰੋਜੈਕਟਰ ਤੀਕ ਮੋਜੂਦ ਹੈ।ਇੱਕ ਸਵਾਲ ਦੇ ਜਵਾਬ ਵਿੱਚ ਜਥੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਸਾਲ ੨੦੧੫ ਦੌਰਾਨ ੧੧੨ ਪਿੰਡਾਂ ਤੀਕ ਪਹੁੰਚ ਬਣਾਈ ਗਈ,ਅਯੋਜਿਤ ਗੁਰਮਤਿ ਸਮਾਗਮਾਂ ਦੌਰਾਨ ੪ ਹਜਾਰ ਦੇ ਕਰੀਬ ਪ੍ਰਾਣੀ ਅੰਮ੍ਰਿਤ ਛਕਕੇ ਗੁਰੂ ਵਾਲੇ ਬਣੇ ੫ਹਜਾਰ ਦੇ ਕਰੀਬ ਨੌਜੁਆਨਾਂ ਨੇ ਕੇਸ ਰੱਖਣ ਦਾ ਪ੍ਰਣ ਲਿਆ ਅਤੇ ੨੦੦ ਦੇ ਕਰੀਬ ਨਸ਼ਾ ਗ੍ਰਸਤ ਨੋਜੁਆਨਾਂ ਦਾ ਮੁਫਤ ਇਲਾਜ ਕਰਵਾਇਆ ਗਿਆ।ਉਨ੍ਹਾਂ ਦੱਸਿਆ ਕਿ ਜਥੇ ਦੁਆਰਾ ਚਲਾਈ ਜਾ ਰਹੀ ਧਰਮ ਪ੍ਰਚਾਰ ਲਹਿਰ ਵਿੱਚ ਸ਼ਹੀਦ ਗੰਜ਼ ਖਾਲਸਾ ਗੁਰਮਤਿ ਸੰਗੀਤ ਕਾਲਜ ਦੇ ਪਿੰਸੀਪਲ ਡਾ:ਗੁਰਮੀਤ ਕੌਰ ਖਾਲਸਾ,ਪ੍ਰੋ:ਸਰਬਜੀਤ ਸਿੰਘ ਸੋਹਲ,ਗੁਰਮਤਿ ਸੰਗੀਤ ਕਾਲਜ ਦੇ ਵਿਦਿਆਰਥੀਆਂ ਅਤੇ ਫਿਲਮ ਸੈਲ ਦੇ ਇੰਚਾਰਜ ਸ੍ਰ ਦਵਿੰਦਰ ਸਿੰਘ ਦੇ ਅਹਿਮ ਸਹਿਯੋਗ ਨੂੰ ਕਦੇ ਵੀ ਵਿਸਾਰਿਆ ਨਹੀ ਜਾ ਸਕਦਾ।ਉਨ੍ਹਾਂ ਦੁਹਰਾਇਆ ਕਿ ਸਾਲ ੨੦੧੬ ਦੌਰਾਨ ਧਰਮ ਪ੍ਰਚਾਰ ਲਹਿਰ ਹੋਰ ਪ੍ਰਚੰਡ ਕੀਤੀ ਜਾਵੇਗੀ।