ਪੰਜਾਬ ਸਰਕਾਰ ਦੀ ਨਸ਼ਾ ਛੁਡਾਊ ਮੁਹਿੰਮ ਜ਼ਿਲਾ ਲੁਧਿਆਣਾ ਵਿੱਚ ਸਫ਼ਲਤਾ ਵੱਲ

On: 2 May, 2016

ਨੌਜਵਾਨ ਸਿਹਤਮੰਦ ਸਮਾਜ ਦੀ ਮੁੱਖ ਧਾਰਾ ਵਿੱਚ ਵਾਪਸ ਪਰਤ ਆਉਣ-ਡਿਪਟੀ ਕਮਿਸ਼ਨਰ

ਲੁਧਿਆਣਾ,  (ਸਤ ਪਾਲ ਸੋਨੀ) ਸੂਬੇ ਭਰ ਵਿੱਚੋਂ ਨਸ਼ਿਆਂ ਦੀ ਜੜ ਨੂੰ ਪੂਰੀ ਤਰਾਂ ਖ਼ਤਮ ਕਰਨ ਅਤੇ ਨਸ਼ੇ ਦੇ ਆਦੀ ਹੋ ਚੁੱਕੇ ਵਿਅਕਤੀਆਂ ਨੂੰ ਮੁੜ ਤੋਂ ਆਮ ਜੀਵਨ ਨਾਲ ਜੋੜਨ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਨੂੰ ਤਕਰੀਬਨ ਦੋ ਸਾਲ ਦੇ ਸਮੇਂ ਦੌਰਾਨ ਭਾਰੀ ਸਫ਼ਲਤਾ ਮਿਲੀ ਹੈ, ਜੋ ਨਸ਼ਾ ਛੁਡਾਊ ਕੇਂਦਰ ਪਹਿਲਾਂ ਮਰੀਜ਼ਾਂ ਦੇ ਨਾ ਪਹੁੰਚਣ ਕਾਰਨ ਖਾਲੀ ਰਹਿੰਦੇ ਸਨ ਅੱਜ ਉਥੇ ਮਰੀਜ਼ ਖੁਦ-ਬ-ਖੁਦ ਪੁੱਜ ਰਹੇ ਹਨ ਅਤੇ ਆਪਣੇ ਇਲਾਜ਼ ਲਈ ਮਾਹਿਰ ਡਾਕਟਰਾਂ ਨਾਲ ਸਲਾਹ ਮਸ਼ਵਰੇ ਕਰਨ ਲੱਗੇ ਹਨ। ਇਸ ਤਰਾਂ ਲੱਗ ਰਿਹਾ ਹੈ ਕਿ ਮਰੀਜ਼ਾਂ ਨੇ ਨਸ਼ੇ ਤੋਂ ਖਹਿੜਾ ਛੁਡਾਉਣ ਲਈ ਆਪਣਾ ਪੂਰੀ ਤਰਾਂ ਮਨ ਬਣਾ ਲਿਆ ਹੈ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਦੇ ਦੋ ਸਾਲਾਂ ਵਿੱਚ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੇ ਜ਼ਿਲਾ ਲੁਧਿਆਣਾ ਦੇ ਵੱਖ-ਵੱਖ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਅਤੇ ਸਹਾਇਤਾ ਕੇਂਦਰਾਂ ਵਿੱਚ ਇਲਾਜ਼ ਕਰਵਾਇਆ ਹੈ।
    ਇਸ ਸੰਬੰਧੀ ਲੁਧਿਆਣਾ ਡਰੱਗ ਡੀ-ਅਡਿਕਸ਼ਨ ਸੁਸਾਇਟੀ ਦੇ ਚੇਅਰਮੈਨ ਅਤੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਅਤੇ ਨੋਡਲ ਅਫ਼ਸਰ ਡਾ. ਜਸਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਭੈੜੀ ਵਾਦੀ ਨੂੰ ਖ਼ਤਮ ਕਰਨ ਅਤੇ ਨਸ਼ੇ ਦੇ ਆਦੀ ਹੋ ਚੁੱਕੇ ਨੌਜਵਾਨਾਂ ਨੂੰ ਮੁੜ ਤੋਂ ਸਿਹਤਮੰਦ ਸਮਾਜ ਮੁੱਖ ਧਾਰਾ ਵਿੱਚ ਲਿਆਉਣ ਲਈ 19 ਜੂਨ, 2014 ਤੋਂ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਤਹਿਤ ਮਿਤੀ 30 ਅਪ੍ਰੈੱਲ, 2016 ਤੱਕ ਵੱਡੀ ਗਿਣਤੀ ਵਿੱਚ ਮਰੀਜ਼ ਜ਼ਿਲੇ ਵਿੱਚ ਪੈਂਦੇ 2 ਸਰਕਾਰੀ ਨਸ਼ਾ ਛੁਡਾਊ ਕੇਂਦਰਾਂ, 1 ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਅਤੇ 15 ਨਸ਼ਾ ਛੁਡਾਊ ਸਹਾਇਤਾ ਕੇਂਦਰਾਂ ਵਿੱਚ ਪਹੁੰਚ ਕਰ ਚੁੱਕੇ ਹਨ, ਜਿਨਾਂ ਵਿੱਚੋਂ 10 ਹਜ਼ਾਰ ਤੋਂ ਵਧੇਰੇ ਮਰੀਜ਼ਾਂ ਨੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿੱਚ ਦਾਖ਼ਲ ਹੋ ਕੇ ਆਪਣਾ ਸਫ਼ਲਤਾ ਪੂਰਵਕ ਇਲਾਜ਼ ਕਰਵਾਇਆ ਹੈ।
    ਸ੍ਰੀ ਭਗਤ ਨੇ ਦੱਸਿਆ ਕਿ ਇਸ ਵੇਲੇ ਜ਼ਿਲੇ ਵਿੱਚ 2 ਓ. ਐੱਸ. ਟੀ. (ਓਰਲ ਸਬਸਟੀਚਿਊਟ ਥੈਰੇਪੀ) ਕੇਂਦਰ ਵੀ ਚਲਾਏ ਜਾ ਰਹੇ ਹਨ। ਜ਼ਿਲਾ ਪ੍ਰਸਾਸ਼ਨ ਵੱਲੋਂ ਸਿਹਤ ਵਿਭਾਗ ਦੇ ਹਰੇਕ ਹਸਪਤਾਲ ਵਿੱਚ ਨਸ਼ੇ ਦੇ ਮਰੀਜ਼ਾਂ ਨੂੰ ਸਹੂਲਤ ਦੇਣ ਲਈ ਵਿਸ਼ੇਸ਼ ਬੈੱਡ ਰੱਖੇ ਗਏ ਹਨ। ਕਿਸੇ ਵੀ ਸਰਕਾਰੀ ਹਸਪਤਾਲ ਵਿੱਚ ਪਹੁੰਚਣ ਵਾਲੇ ਕਿਸੇ ਵੀ ਮਰੀਜ਼ ਨੂੰ ਇਹ ਕਹਿ ਕੇ ਵਾਪਸ ਨਹੀਂ ਮੋੜਿਆ ਜਾ ਰਿਹਾ ਕਿ ਇਥੇ ਬੈੱਡ, ਡਾਕਟਰ ਜਾਂ ਹੋਰ ਬੁਨਿਆਦੀ ਸਹੂਲਤਾਂ ਨਹੀਂ ਹਨ। ਹਸਪਤਾਲਾਂ ਵਿੱਚ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਸਮੇਤ ਮੁਫ਼ਤ ਦਵਾਈਆਂ, ਲੋੜੀਂਦਾ ਸਟਾਫ਼, ਮਨਪ੍ਰਚਾਵੇ ਦੇ ਸਾਧਨ, ਸਰੀਰਕ ਕਸਰਤ ਦੇ ਸਾਧਨ, ਵਿਸ਼ੇਸ਼ ਸੁਰੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ। ਜੋ ਮਰੀਜ਼ ਇੱਕ ਵਾਰ ਨਸ਼ੇ ਤੋਂ ਖਹਿੜਾ ਛੁਡਾ ਲੈਂਦੇ ਹਨ, ਉਨਾਂ ਨੂੰ ਮੁੜ ਵਸੇਬੇ ਦੇ ਕਾਬਿਲ ਬਣਾਉਣ ਲਈ ਜਗਰਾਉਂ ਵਿਖੇ 50 ਬਿਸਤਰਿਆਂ ਵਾਲਾ ਮੁੜ ਵਸੇਬਾ ਕੇਂਦਰ ਵੀ ਤਿਆਰ ਕੀਤਾ ਜਾ ਰਿਹਾ ਹੈ। ਸ੍ਰੀ ਭਗਤ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ ਮਿਸ਼ਨ ਨੂੰ ਸਹੀ ਅਰਥਾਂ ਵਿੱਚ ਮੁਕੰਮਲ ਕਰਨ ਲਈ ਸੰਬੰਧਤ ਸਾਰੇ ਵਿਭਾਗਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨਾਂ ਨੌਜਵਾਨਾਂ ਅਤੇ ਹੋਰ ਨਸ਼ੇ ਦੇ ਆਦੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਸ਼ੇ ਛੱਡ ਕੇ ਸਿਹਤਮੰਦ ਸਮਾਜ ਦਾ ਹਿੱਸਾ ਬਣਨ।
ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਨਸ਼ਾ ਛੱਡਣ ਵਾਲੇ ਵਿਅਕਤੀ ਦੀ ਪਛਾਣ ਉਸ ਦੀ ਇੱਛਾ ਮੁਤਾਬਿਕ ਬਿਲਕੁਲ ਗੁਪਤ ਰੱਖੀ ਜਾ ਰਹੀ ਹੈ। ਹਰੇਕ ਕੇਂਦਰ ਵਿੱਚ ਡਾਕਟਰਾਂ ਦੀਆਂ ਡਿਊਟੀਆਂ ਬਕਾਇਦਾ ਰੋਸਟਰ ਮੁਤਾਬਿਕ ਲੱਗ ਰਹੀਆਂ ਹਨ। ਜਿਹੜੇ ਮਰੀਜ਼ ਆਪਣਾ ਇਲਾਜ਼ ਕਰਾਉਣ ਲਈ ਹਸਪਤਾਲ ਜਾਣ ਤੋਂ ਕਤਰਾਉਂਦੇ ਹਨ ਜਾਂ ਬਹਾਨੇਬਾਜ਼ੀ ਕਰਦੇ ਹਨ, ਉਨਾਂ ਨੂੰ 108 ਐਂਬੂਲੈਂਸ ਰਾਹੀਂ ਕੇਂਦਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਕੋਈ ਵੀ ਨਸ਼ਾ ਲਾ-ਇਲਾਜ਼ ਬਿਮਾਰੀ ਨਹੀਂ ਹੁੰਦਾ। ਸਹੀ ਡਾਕਟਰੀ ਸਲਾਹ, ਲੋੜ ਮੁਤਾਬਿਕ ਇਲਾਜ਼, ਮਾੜੀ ਸੰਗਤ ਤੋਂ ਦੂਰੀ, ਸਿਹਤਮੰਦ ਖੁਰਾਕ ਅਤੇ ਕਸਰਤ ਨਾਲ ਇਸ ਬਿਮਾਰੀ ਤੋਂ ਸਹਿਜੇ ਹੀ ਛੁਟਕਾਰਾ ਪਾਇਆ ਜਾ ਸਕਦਾ ਹੈ।
ਪੰਜਾਬ ਸਰਕਾਰ ਵੱਲੋਂ ਹੈਲਪਲਾਈਨ ਕਮ ਸ਼ਿਕਾਇਤ ਨੰਬਰ ਚਾਲੂ
ਡਿਪਟੀ ਕਮਿਸ਼ਨਰ ਸ੍ਰੀ ਭਗਤ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਆਦੀ ਵਿਅਕਤੀਆਂ ਦੀ ਕੌਂਸਲਿੰਗ ਲਈ ਵਿਸ਼ੇਸ਼ ਹੈਲਪਲਾਈਨ ਕਮ ਸ਼ਿਕਾਇਤ ਨੰਬਰ ਚਾਲੂ ਕੀਤਾ ਹੋਇਆ ਹੈ, ਜਿਸ 'ਤੇ ਸੰਪਰਕ ਕਰਕੇ ਨਸ਼ੇ ਦੇ ਮਰੀਜ਼ ਅਤੇ ਉਨਾਂ ਦੇ ਪਰਿਵਾਰ ਵਾਲੇ ਟਰੇਂਡ ਕੌਂਸਲਰ ਤੋਂ ਸਲਾਹ ਲੈ ਸਕਦੇ ਹਨ। ਉਨਾਂ ਦੱਸਿਆ ਕਿ ਇਸ ਨੰਬਰ (104) 'ਤੇ ਕੋਈ ਵੀ ਸੰਪਰਕ ਕਰਕੇ ਨਸ਼ਾ ਛੱਡਣ ਜਾਂ ਕੋਈ ਹੋਰ ਸਹਾਇਤਾ ਲੈ ਸਕਦਾ ਹੈ। ਇਸ ਤੋਂ ਇਲਾਵਾ ਜ਼ਿਲ•ਾ ਪ੍ਰਸਾਸ਼ਨ ਵੱਲੋਂ ਵੀ ਟੋਲ ਫਰੀ ਨੰਬਰ 18001804923 ਅਤੇ ਹੈਲਪਲਾਈਨ ਨੰਬਰ 0161-2724923 ਵੀ ਚਾਲੂ ਕੀਤਾ ਹੋਇਆ ਹੈ, ਇਹ ਦੋਵੇਂ ਨੰਬਰ ਵੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਾਰਜਸ਼ੀਲ ਰਹਿੰਦੇ ਹਨ।
 

Section: