ਡਿਪਟੀ ਕਮਿਸ਼ਨਰ ਵੱਲੋਂ ਜ਼ਿਲਾ ਲੁਧਿਆਣਾ ਵਿੱਚ ਛੋਟੀਆਂ ਬੱਚਤ ਸਕੀਮਾਂ ਨੂੰ ਉਤਸ਼ਾਹਿਤ ਕਰਨ ਦਾ ਸੱਦਾ

On: 19 April, 2017

*ਬੇਰੁਜਗਾਰ, ਏਜੰਟ ਬਣ ਕੇ ਕਰ ਸਕਦੇ ਹਨ ਵਧੀਆ ਕਮਾਈ
    ਲੁਧਿਆਣਾ,  (ਸਤ ਪਾਲ ਸੋਨੀ) ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਡਿਪਟੀ ਕਮਿਸ਼ਨਰ ਲੁਧਿਆਣਾ ਨੇ ਆਪਣੇ ਅਧੀਨ ਆਉਂਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਛੋਟੀਆਂ ਬੱਚਤ ਸਕੀਮਾਂ ਵਿੱਚ ਵੱਧ ਤੋਂ ਵੱਧ ਧੰਨ ਜਮਾਂ ਕਰਵਾਉਣ ਲਈ ਉਤਸ਼ਾਹਿਤ ਕਰਨ ਲਈ ਸਮੂਹ ਵਿਭਾਗਾਂ ਦੇ ਮੁੱਖੀਆਂ ਨੂੰ ਪੱਤਰ ਲਿਖਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਅਧਿਕਾਰੀ ਆਪਣੇ ਅਧੀਨ ਆਉਂਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਘੱਟੋ-ਘੱਟ ਆਰ.ਡੀ. ਅਤੇ ਪੀ.ਪੀ.ਐਫ਼. ਦਾ ਇਕ ਖਾਤਾ ਜ਼ਰੂਰ ਖੁਲਵਾਉਣ ਲਈ ਪ੍ਰੇਰਿਤ ਕੀਤਾ ਜਾਵੇ। ਇਸ ਤੋਂ ਇਲਾਵਾ ਉਹ ਆਪ ਆਪਣੇ ਦਫ਼ਤਰ ਵਿੱਚ ਰੋਜ਼ਾਨਾ ਆਉਣ ਵਾਲੇ ਲੋਕਾਂ ਨੂੰ ਵੀ ਛੋਟੀਆਂ ਬੱਚਤ ਸਕੀਮਾਂ ਵਿੱਚ ਧੰਨ ਲਗਾਣ ਲਈ ਪ੍ਰੇਰਿਤ ਕਰਨ।
     ਇਸ ਸੰਬੰਧੀ ਵਿਭਾਗ ਵੱਲੋਂ ਪ੍ਰਾਪਤ ਜਾਣਕਾਰੀ ਦਾ ਹਵਾਲਾ ਦਿੰਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ ਛੋਟੀਆਂ ਬੱਚਤ ਸਕੀਮਾਂ ਪੂਰੀ ਤਰਾਂ ਸੁਰੱਖਿਅਤ ਹਨ ਅਤੇ ਉਸ ਉੱਪਰ ਵਾਧੂ ਵਿਆਜ ਵੀ ਮਿਲਦਾ ਹੈ। ਕਈ ਸਕੀਮਾਂ ਵਿੱਚ ਇਨਕਮ ਟੈਕਸ ਦੀ ਧਾਰਾ 80-ਸੀ ਅਧੀਨ ਛੋਟ ਵੀ ਹੈ। ਇਨਾਂ ਸਕੀਮਾਂ ਵਿੱਚ 5 ਸਾਲਾ ਟਾਈਮ ਡਿਪਾਜ਼ਿਟ (ਵਿਆਜ ਦੀ ਦਰ 7.7%), 5 ਸਾਲਾ ਨੈਸ਼ਨਲ ਸੇਵਿੰਗ ਸਰਟੀਫਿਕੇਟ (ਵਿਆਜ ਦੀ ਦਰ 7.9%), 15 ਸਾਲਾ ਪਬਲਿਕ ਪ੍ਰਾਵੀਡੈਂਟ ਫੰਡ (ਵਿਆਜ ਦੀ ਦਰ 7.9%), 5 ਸਾਲਾ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ (ਵਿਆਜ ਦੀ ਦਰ 8.4%), ਸੁਕੰਨਿਆ ਸਮਰਿਧੀ ਖਾਤਾ (ਵਿਆਜ ਦੀ ਦਰ 8.4%) ਸਕੀਮਾਂ ਸ਼ਾਮਿਲ ਹਨ।
    ਇਹ ਦਰਾਂ ਭਾਰਤ ਸਰਕਾਰ ਦੁਆਰਾ ਮਿਤੀ 01-04-2017 ਤੋਂ 30-06-2017 ਤੱਕ ਮੁਕੱਰਰ ਕੀਤੀਆਂ ਗਈਆਂ ਹਨ। ਇਨਾਂ ਤੋਂ ਇਲਾਵਾ 1 ਸਾਲ ਟਾਈਮ ਡਿਪਾਜ਼ਿਟ (ਵਿਆਜ  ਦੀ ਦਰ 6.9%), 2 ਸਾਲਾ ਟਾਈਮ ਡਿਪਾਜ਼ਿਟ (ਵਿਆਜ ਦੀ ਦਰ 7.0%), 3 ਸਾਲਾ ਟਾਈਮ ਡਿਪਾਜ਼ਿਟ (ਵਿਆਜ ਦੀ ਦਰ 7.2%), 5 ਸਾਲਾ ਮੰਥਲੀ ਇਨਕਮ ਸਕੀਮ (ਵਿਆਜ ਦੀ ਦਰ 7.6%), 5 ਸਾਲਾ ਰੈਕਰਿੰਗ ਡਿਪਾਜ਼ਿਟ (ਆਰ.ਡੀ. ਦੀ ਵਿਆਜ ਦੀ ਦਰ 7.2%) ਅਤੇ ਕਿਸਾਨ ਵਿਕਾਸ ਪੱਤਰ (ਵਿਆਜ ਦੀ ਦਰ 7.6%) ਅਤੇ 113 ਮਹੀਨੇ ਬਾਅਦ ਪੁੱਗਣ (ਐਮੇਚਿਉਰ ਹੋਣ) 'ਤੇ ਦੋਗੁਣੇ ਹੋ ਜਾਂਦੇ ਹਨ।
    ਇਸ ਤੋਂ ਇਲਾਵਾ ਸ੍ਰੀ ਅਗਰਵਾਲ ਵੱਲੋਂ ਪੜੇ ਲਿਖੇ ਬੇਰੁਜਗਾਰ ਲੜਕੇ ਅਤੇ ਲੜਕੀਆਂ ਨੂੰ ਡਾਕਘਰ ਦੇ ਛੋਟੀਆਂ ਬੱਚਤਾਂ ਦੇ ਏਜੰਟ ਬਣਕੇ ਉਕਤ ਸਕੀਮਾਂ ਵਿੱਚ ਧੰਨ ਜਮਾਂ ਕਰਵਾ ਕੇ ਆਪਣੀ ਕਮਾਈ ਦਾ ਸਾਧਨ ਵਧਾਉਣ ਲਈ ਵੀ ਕਿਹਾ ਗਿਆ ਹੈ। ਉਕਤ ਦੇ ਸਬੰਧ ਵਿੱਚ ਸੀਨੀਅਰ ਜ਼ਿਲਾ ਬੱਚਤ ਅਫ਼ਸਰ, ਬੱਚਤ ਭਵਨ, ਮਿੰਨੀ ਸਕੱਤਰੇਤ, ਲੁਧਿਆਣਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
 

Section: