ਸਾਧਵੀਆਂ ਅਤੇ ਅਸੀਮਾਨੰਦ ਵਰਗੇਆਂ ਨੂੰ ਜਮਾਨਤਾਂ ਮਿਲ ਸਕਦੀਆਂ ਹਨ ਪਰ ਦਿਆ ਸਿੰਘ ਲਾਹੋਰੀਆ ਨੂੰ ਪੈਰੋਲ ਨਹੀ

On: 29 April, 2017

ਨਵੀਂ ਦਿੱਲੀ ੨੮ ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ): ਬੇਗੁਨਾਹਾਂ ਦਾ ਖੂਨ ਵਹਾਓਣ ਵਾਲੇ ਹਿੰਦੂ ਰਾਸ਼ਟਰ ਭਗਤ ਅਤੇ ਸਾਧਵੀਆਂ ਨੂੰ ਬਿਨਾ ਸ਼ਰਤ ਜਮਾਨਤਾਂ ਮਿਲ ਸਕਦੀਆਂ ਹਨ ਪਰ ਦਰਬਾਰ ਸਾਹਿਬ ਤੇ ਕੀਤੇ ਗਏ ਸਰਕਾਰੀ ਹਮਲੇ ਉਪਰੰਤ ਸਿੱਖਾਂ ਤੇ ਚਲੀ ਜ਼ੁਲਮਾਂ ਦੀ ਹਨੇਰੀ ਨੂੰ ਨਾ ਸਹਾਰਦੇ ਹੋਏ ਰਣ ਤੱਤੇ ਵਿਚ ਲੜਨ ਵਾਲੇ ਭਾਈ ਦਿਆ ਸਿੰਘ ਲਾਹੋਰੀਆਂ ਵਰਗਿਆਂ ਨੂੰ ਜਮਾਨਤ ਤੇ ਦੂਰ ਪੈਰੋਲ ਤਕ ਨਹੀ ਮਿਲ ਸਕਦੀ ।

ਜਿਕਰਯੋਗ ਹੈ ਕਿ ਭਾਈ ਦਿਆ ਸਿੰਘ ਲਾਹੋਰੀਆਂ ਅਤੇ ਉਨ੍ਹਾਂ ਦੀ ਧਰਮਪਤਨੀ ਕਮਲਜੀਤ ਕੌਰ ਨੂੰ ਜਦੋਂ ਅਮੇਰਿਕਾ ਤੋ ਡਿਪੋਰਟ ਕਰਕੇ ਹਿੰਦੁਸਤਾਨ ਲਿਆਦਾਂ ਗਿਆ ਸੀ ਤਦ ਐਕਸਟਰਨਲ ਅਤੇ ਅਫੇਅਰ ਮਿਨਿਸਟਰੀ ਵਲੋਂ ਅਮੇਰਿਕਾ ਸਰਕਾਰ ਨੂੰ ਦਿੱਤੇ ਕਾਗਜਾਂ ਵਿਚ ਸਿਰਫ ੪ ਕੇਸਾਂ ਵਿਚ ਲੋੜੀਦਾਂ ਦਸਿਆ ਗਿਆ ਸੀ । ੧੯੯੫ ਤੋਂ ਹਿੰਦੁਸਤਾਨ ਦੀ ਵੱਖ ਵੱਖ ਜੇਲ੍ਹਾਂ ਵਿਚ ਕੈਦ ਭੁਗਤਣ ਉਪਰੰਤ ਭਾਈ ਲਾਹੋਰੀਆ ਹੁਣ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਹਨ ਅਤੇ ਉਨ੍ਹਾਂ ਦੀ ਧਰਮਪਤਨੀ ੮ ਸਾਲ ਜੇਲ੍ਹ ਕੱਟਣ ਤੋਂ ਬਾਅਦ ਹੁਣ ਬਾਹਰ ਹਨ ।

ਹਾਈ ਕੋਰਟ ਵਿਚ ਲਗੀ ਪੈਰੋਲ ਦੀ ਅਪੀਲ ਤੇ ਸੁਣਵਾਈ ਕਰਦਿਆਂ ਜੱਜ ਸਾਹਿਬ ਨੇ ਇਹ ਕਹਿ ਕੇ "ਕਿ ਭਾਈ ਦਿਆ ਸਿੰਘ ਲਾਹੋਰੀਆ ਦੇ ਸਾਰੇ ੨੩ ਕੇਸਾਂ ਦੀ ਸਟੇਟਸ ਰਿਪੋਰਟ ਹਾਜਿਰ ਨਹੀ ਹੋਈ ਹੈ" ਅਗਲੀ ਤਰੀਕ ੪ ਜੁਲਾਈ ਦੇ ਦਿੱਤੀ । ਧਿਆਨ ਦੇਣ ਯੋਗ ਹੈ ਕਿ ਇਸ ਮਾਮਲੇ ਦੀ ਪਹਿਲਾਂ ਹੀ ਦੋ ਮਹੀਨੇ ਬਾਅਦ ਹੋ ਰਹੀ ਸੀ । ਕਿ ਦੋ ਮਹੀਨੇ ਵਿਚ ਪੁਲਿਸ ਵਿਭਾਗ ਵਲੌਂ ਹਾਈ ਕੋਰਟ ਵਲੋਂ ਮੰਗੀ ਜਾਣਕਾਰੀ ਹਾਈ ਕੋਰਟ ਵਿਚ ਦਾਖਿਲ ਨਹੀ ਕਰਵਾਈ ਜਾ ਸਕਦੀ ਸੀ ਜਾਂ ਫਿਰ ਉਹ ਚਾਹੁੰਦੇ ਹੀ ਨਹੀ ਹਨ ਕਿ ਭਾਈ ਦਿਆ ਸਿੰਘ ਵਰਗੇ ਸਿੰਘ ਬਾਹਰ ਆਓਣ ।

ਭਾਈ ਹਰਵਿੰਦਰ ਸਿੰਘ ਬਿੰਦੀ ਨੇ ਦਸਿਆ ਕਿ ਇਸ ਮਾਮਲੇ ਵਿਚ ਵਿਚਾਰ ਕਰਣ ਵਾਲੀ ਗਲ ਇਹ ਹੈ ਕਿ ਜਦੋਂ ਇਹ ਹਿੰਦੁਸਤਾਨ ਆਏ ਤਦ ਸਿਰਫ ੪ ਕੇਸ ਸਨ ਉਸ ਉਪਰੰਤ ਟਰਾਈਲ ਵਿਚ ੧੨ ਕੇਸ ਚਲੇ ਸਨ ਤੇ ਹੁਣ ਦਾਖਿਲ ਰਿਪੋਰਟ ਵਿਚ ੨੩ ਕੇਸ ਕਿਸ ਤਰ੍ਹਾਂ ਬਣ ਗਏ ਜਦਕਿ ਭਾਈ ਲਾਹੋਰੀਆ ੧੯੯੫ ਤੋਂ ਹੀ ਜੇਲ੍ਹ ਵਿਚ ਬੰਦ ਹਨ । ਉਨ੍ਹਾਂ ਦਸਿਆ ਕਿ ਇਸ ਮਾਮਲੇ ਵਿਚ ਇਹ ਵੀ ਵਿਚਾਰਨ ਵਾਲੀ ਗਲ ਹੈ ਕਿ ਚਲ ਰਿਹਾ ਦਿੱਲੀ ਦੇ ਮੌਜੁਦਾ ਕੇਸ ਦਾ ਮੁੱਖ ਸਾਜਿਸ਼ਕਰਤਾ ਸਣੇ ੬ ਜਣੇ ਕੱਟੀ ਕਟਾਈ ਲੈ ਕੇ ਬਾਹਰ ਆ ਚੁਕੇ ਹਨ ਤੇ ਇਕ ਜਮਾਨਤ ਤੇ ਚਲ ਰਿਹਾ ਹੈ ਇਸ ਗਲ ਦਾ ਲਾਭ ਦੇਦੇਂ ਹੋਏ ਵੀ ਸੈਸ਼ਨ ਕੋਰਟ ਭਾਈ ਦਿਆ ਸਿੰਘ ਦੀ ਜਮਾਨਤ ਮੰਜੂਰ ਕਰ ਸਕਦੀ ਸੀ ਪਰ ਉਸਨੇ ਇਸ ਤਰ੍ਹਾਂ ਨਹੀ ਕੀਤਾ ਤੇ ਮਾਮਲੇ ਨੂੰ ਹਾਈ ਕੋਰਟ ਲੈ ਕੇ ਜਾਣਾ ਪੈ ਗਿਆ ਜਦਕਿ ਇਸੇ ਧਾਰਾਵਾਂ ਤਹਿਤ ਪਹਿਲਾਂ ਹੀ ਇਕ ਕੇਸ ਖੰਨਾਂ ਦੀ ਅਦਾਲਤ ਵਿਚ ਚਲ ਚੁਕਿਆ ਹੈ ਤੇ ਦਿੱਲੀ ਵਿਚ ਝੂਠਾ ਕੇਸ ਚਲਾਇਆ ਹੀ ਨਹੀ ਜਾ ਸਕਦਾ ਸੀ ।

ਭਾਈ ਦਿਆ ਸਿੰਘ ਲਾਹੋਰੀਆਂ ਦੀ ਧਰਮਪਤਨੀ ਕਮਲਜੀਤ ਕੌਰ ਨੇ ਭਰੇ ਮਨ ਨਾਲ ਕਿਹਾ ਕਿ ਹਿੰਦੂ ਰਾਸ਼ਟਰ ਤੇ ਭਗਤ ਅਸੀਮਾਨੰਦ, ਸਾਧਵੀ ਪ੍ਰਗਿਆ ਠਾਕੁਰ, ਦੇਵਾ ਠਾਕੁਰ ਵਰਗੇ ਜਿਨ੍ਹਾਂ ਦੇ ਹੱਥ ਹਜਾਰਾਂ ਬੇਗੁਨਾਹਾਂ ਦੇ ਖੂਨ ਨਾਲ ਰੰਗੇ ਹੋਏ ਹਨ, ਨੂੰ ਬਿਨਾ ਸ਼ਰਤ ਜਮਾਨਤਾਂ ਮਿਲ ਸਕਦੀਆਂ ਹਨ ਤਾਂ ਮੇਰੇ ਪਤੀ ਨੂੰ ਪੈਰੋਲ ਵੀ ਨਹੀ ਦਿੱਤੀ ਜਾਣ ਨਾਲ ਇਹ ਸਾਬਿਤ ਹੁੰਦਾ ਹੈ ਕਿ ਸਾਡੇ ਲਈ ਕਾਨੂੰਨ ਵਖਰਾ ਹੈ ਤੇ ਬਹੁ ਗਿਣਤੀ ਲਈ ਵਖਰਾ ।