ਪੰਜਾਬ ਉਰਦੂ ਅਕੈਡਮੀ ਵੱਲੋਂ "ਇੱਕ ਸ਼ਾਮ ਸੂਫੀਆਨਾ ਕਲਾਮ ਦੇ ਨਾਮ" ਸਾਹਿਤਕ ਸਮਾਗਮ ਆਯੋਜਿਤ

On: 23 January, 2017

ਮਾਲੇਰਕੋਟਲਾ ੨੨ ਜਨਵਰੀ (ਹਰਮਿੰਦਰ ਸਿੰਘ ਭੱਟ) ਪੰਜਾਬ ਉੇਰਦੂ ਅਕੈਡਮੀ ਵੱਲੋਂ "ਇੱਕ ਸ਼ਾਮ ਸੂਫੀਆਨਾ ਕਲਾਮ ਦੇ ਨਾਮ" ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਕੌਮਾਂਤਰੀ ਸੂਫੀ ਗਾਇਕ ਉਸਤਾਦ ਸ਼ੌਕਤ ਅਲੀ ਤੇ ਕੌਮਾਂਤਰੀ ਬਾਂਸਰੀ ਤੇ ਸ਼ਹਿਨਾਈ ਵਾਦਕ ਸ਼੍ਰੀ ਮੋਹਿਤ ਨਾਮਦੇਵ ਵੱਲੋਂ ਆਪਣੇ ਫਨ ਦਾ ਮੁਜ਼ਾਹਰਾ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਐਸ.ਡੀ.ਐਮ. ਜਨਾਬ ਸ਼ੌਕਤ ਅਹਿਮਦ ਪਰੇ ਆਈ.ਏ.ਐਸ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ 'ਚ ਸੂਫੀਆਨਾ ਗਾਇਕੀ ਦਾ ਬੇਹੱਦ ਖਜ਼ਾਨਾ ਭਰਿਆ ਪਿਆ ਹੈ ਜਿਸ ਕਰਕੇ ਸੂਬੇ ਦੇ ਲੋਕ ਅੱਜ ਦੇ ਯੁੱਗ 'ਚ ਵੀ ਸੂਫੀਆਨਾ ਗਾਇਕੀ ਨੂੰ ਬੇਹੱਦ ਪਸੰਦ ਕਰਦੇ ਹਨ। ਉਹਨਾਂ ਕਿਹਾ ਕਿ ਸਾਰਾ ਦਿਨ ਕੰਮ ਕਰਨ ਤੋਂ ਬਾਅਦ ਸਾਨੂੰ ਰਾਤ ਨੂੰ ਸੌਣ ਵੇਲੇ ਦਿਨ ਵੇਲੇ ਕੀਤੇ ਕੰਮਾਂ ਦੀ ਘੋਖ ਕਰਨੀ ਚਾਹੀਦੀ ਹੈ ਤੇ ਜੇ ਰਾਤ ਨੂੰ ਨੀਂਦ ਸਹੀ ਆ ਜਾਵੇ ਤਾਂ ਸਮਝੋ ਕਿ ਸਾਰੇ ਕੰਮ ਵਿਊਂਤਬੱਧ ਹੋਏ ਹਨ ਜੇਕਰ ਨਹੀਂ ਤਾਂ ਸਾਨੂੰ ਆਪਣੀ ਕਾਰਜ ਪ੍ਰਣਾਲੀ 'ਚ ਸੁਧਾਰ ਕਰਨਾ ਹੋਵੇਗਾ। ਇਸ ਮੌਕੇ ਸੂਫੀ ਗਾਇਕ ਜਨਾਬ ਸ਼ੌਕਤ ਅਲੀ ਨੇ ਸਮੁੱਚੀ ਟੀਮ ਨਾਲ ਆਪਣੇ ਸੂਫੀਆਨਾ ਕਲਾਮ 'ਚ ਪੰਜਾਬ ਦੇ ਨਾਮਵਰ ਸੂਫੀਆਂ ਬਾਬਾ ਬੁੱਲ੍ਹੇ ਸ਼ਾਹ, ਬਾਬਾ ਫਰੀਦ, ਬਾਰੇ ਸ਼ਾਹ ਤੇ ਸ਼ੇਖ ਹੁਸੈਨ ਸਮੇਤ ਅੱਧੀ ਦਰਜ਼ਨ ਸੂਫੀ ਵਿਦਵਾਨਾਂ ਦੀਆਂ ਰਚਨਾਵਾਂ ਸੁਣਾਈਆਂ। ਉਹਨਾਂ ਦੀ "ਓਥੇ ਅਮਲਾਂ ਦੇ ਨਾਲ ਹੋਣਗੇ ਨਿਬੇੜੇ, ਕਿਸੇ ਨੀ ਤੇਰੀ ਜ਼ਾਤ ਪੁੱਛਣੀ", "ਮਸਤ ਨਜ਼ਰੋਂ ਸੇ ਅੱਲਾਹ ਬਚਾਏ", "ਤੋ ਸੇ ਮੈਂ ਨਾ ਬੋਲੂੰਗੀ", "ਗਰ ਬੋਹ ਆਏ ਥੇ ਦਿਖਾ ਦੇਤੇ ਚਿਹਰਾ ਮੇਰਾ, ਮੈਂ ਕੈਸੇ ਕਫਨ ਸੇ ਖੁਦ ਹਾਥ ਉਠਾ ਕਰ ਦਿਖਾਤਾ", ਦਾ ਸਰੌਤਿਆਂ ਨੇ ਖੂਬ ਆਨੰਦ ਮਾਣਿਆ। ਇਸ ਮੌਕੇ ਬਾਂਸਰੀ ਤੇ ਸ਼ਹਿਨਾਈ ਵਾਦਕ ਜਨਾਬ ਮੋਹਿਤ ਨਾਮਦੇਵ ਨੇ ਆਪਣੀ ਮਧੁਰ ਆਵਾਜ਼ 'ਚ ਰਾਧਾ ਤੇ ਕ੍ਰਿਸ਼ਨ ਦੀ ਧੁੰਨ  ਅਤੇ ਚਾਰ ਰਸ ਨਾਲ ਸਰੌਤਿਆਂ ਨੂੰ ਕੀਲ ਕੇ ਰੱਖ ਦਿੱਤਾ। ਹਾਜ਼ਰੀਨ ਨੇ ਸੂਫੀ ਗਾਇਕ ਜਨਾਬ ਸ਼ੌਕਤ ਅਲੀ ਅਤੇ ਬਾਂਸਰੀ ਤੇ ਸ਼ਹਿਨਾਈ ਵਾਦਕ ਜਨਾਬ ਮੋਹਿਤ ਨਾਮਦੇਵ ਦੀ ਜੁਗਲਬੰਦੀ ਦਾ ਵੀ ਖੂਬ ਆਨੰਦ ਮਾਣਿਆ। ਸਾਹਿਤਕ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਤੇ ਅਮਰਗੜ੍ਹ ਦੇ ਚੌਣ ਆਬਜ਼ਰਬਰ ਆਨੰਦ ਸਵਰੂਪ ਆਈ.ਆਰ.ਐਸ. ਸਮੇਤ ਅਕੈਡਮੀ ਸੈਕਟਰੀ ਮਨਜ਼ੂਰ ਹਸਨ, ਜ਼ਮੀਰ ਅਲੀ ਜ਼ਮੀਰ, ਅਖਤਰ ਅਲੀ ਅਖਤਰ ਤੇ ਪ੍ਰੋਫੈਸਰ ਮੁਹੰਮਦ ਇਰਫਾਨ ਫਾਰੂਕੀ ਸਮੇਤ ਵੱਡੀ ਗਿਣਤੀ 'ਚ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ।