ਇਨਸਾਫ ਦੀ ਅਵਾਜ਼ ਪੰਜਾਬ ਜਥੇਬੰਦੀ ੧੭-੧੮ ਅਗਸਤ ਨੂੰ ਅਰੰਭੇਗੀ ਸੂਬਾ ਪੱਧਰੀ ਅੰਦੋਲਨ

On: 11 July, 2017

ਮਾਲੇਰਕੋਟਲਾ ੧੦ ਜੁਲਾਈ (ਪਟ) ਪਰਲਜ਼ ਸਮੇਤ ਕਈ ਹੋਰ ਕਥਿਤ ਚਿੱਟ-ਫੰਡ ਕੰਪਨੀਆਂ ਖਿਲਾਫ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਸੰਘਰਸ਼ ਕਰ ਰਹੀ ਨਿਵੇਸ਼ਕ ਲੋਕਾਂ ਦੀ ਜਥੇਬੰਦੀ ਇਨਸਾਫ ਦੀ ਅਵਾਜ਼ ਪੰਜਾਬ ਨੇ ਹੁਣ ਆਰ-ਜਾਂ ਪਾਰ ਦੀ ਲੜਾਈ ਅਰੰਭਣ ਦਾ ਤਹੱਈਆ ਕਰਦਿਆਂ ਸੰਘਰਸ਼ ਨੂੰ ਸੂਬਾ ਪੱਧਰ 'ਤੇ ਹੋਰ ਤੇਜ਼ ਕਰਨ ਲਈ ਪੰਜਾਬ ਭਰ ਦੇ ਨਿਵੇਸ਼ਕਾਂ ਨੂੰ ਨਾਲ ਲੈ ਕੇ ੧੭-੧੮ ਅਗਸਤ ਨੂੰ ਸੂਬਾ ਪੱਧਰੀ ਵੱਡਾ ਅੰਦੋਲਨ ਕਰਨ ਦਾ ਐਲਾਨ ਕਰ ਦਿੱਤਾ ਹੈ। ਜਿਸਦੀ ਤਿਆਰੀ ਸਬੰਧੀ ਜਥੇਬੰਦੀ ਦੀ ਇੱਕ ਅਹਿਮ ਮੀਟਿੰਗ ਅੱਜ ਇਥੇ ਗੁਰਦੁਆਰਾ ਸਿੰਘ ਸਭਾ ਸਾਹਿਬ ਵਿਖੇ ਹੋਈ। ਜਿਸ ਵਿਚ ਜਥੇਬੰਦੀ ਦੇ ਸੂਬਾ ਪੱਧਰੀ ਬੁਲਾਰੇ ਗੁਰਸੇਵਕ ਸਿੰਘ ਖੰਡਿਆਲ ਅਤੇ ਜਿਲ੍ਹਾ ਪ੍ਰਧਾਨ ਗੁਰਜੰਟ ਸਿੰਘ ਸ਼ਾਹਪੁਰ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਦੇਸ਼ ਦੀ ਸਰਵ ਉਚ ਅਦਾਲਤ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਆਉਣ ਦੇ ਬਾਵਜੂਦ ਵੀ ਹਾਲੇ ਤੱਕ ਕਿਸੇ ਨਿਵੇਸ਼ਕ ਨੂੰ ਕੰਪਨੀਆਂ ਨੇ ਇੱਕ ਪੈਸਾ ਵਾਪਸ ਨਹੀਂ ਕੀਤਾ। ਸਰਕਾਰ ਵੱਲੋਂ ਇਸ ਮਾਮਲੇ 'ਚ ਕੀਤੀ ਜਾ ਰਹੀ ਵਾਅਦਾ ਖਿਲਾਫੀ ਦੀ ਨਿੰਦਾਂ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈਸ ਰਾਹੀਂ ਸੂਬੇ ਦੇ ਪਰਲਜ਼ ਨਿਵੇਸ਼ਕਾਂ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣਦਿਆਂ ਹੀ ਪਰਲਜ਼ ਨਿਵੇਸ਼ਕਾਂ ਦੇ ਡੂਬੇ ਪੈਸੇ ਪਹਿਲ ਦੇ ਅਧਾਰ 'ਤੇ ਦਿਵਾਏ ਜਾਣਗੇ ਪਰੰਤੂ ਅੱਜ ਕਈ ਮਹੀਨੇ ਬੀਤਣ ਉਪਰੰਤ ਵੀ ਪੰਜਾਬ ਸਰਕਾਰ ਨੇ ਸਾਡੇ ਮਸਲੇ ਵੱਲ ਕੋਈ ਧਿਆਨ ਨਹੀਂ ਦਿੱਤਾ। ਜਿਸ ਦੇ ਰੋਸ ਵੱਜੋਂ ਜਥੇਬੰਦੀ ੧੭-੧੮ ਅਗਸਤ ਨੂੰ ਪੰਜਾਬ ਭਰ ਦੇ ਪੀੜਤ ਨਿਵੇਸ਼ਕਾਂ ਨੂੰ ਨਾਲ ਲੈ ਕੇ ਸੂਬੇ ਅੰਦਰ ਵੱਡਾ ਅੰਦੋਲਨ ਸ਼ੁਰੂ ਕਰਕੇ ਸਰਕਾਰ ਨੂੰ ਚੋਣਾਂ ਦੌਰਾਨ ਕੀਤੇ ਵਾਅਦੇ ਦੀ ਯਾਦ ਦਿਵਾਏਗੀ। ਇਸ ਮੌਕੇ ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਮਾਲੇਰਕੋਟਲਾ ਹਲਕਾ ਪ੍ਰਧਾਨ ਲਖਵਿੰਦਰ ਸਿੰਘ, ਅਵਤਾਰ ਸਿੰਘ ਸਾਹਪੁਰ ਕਲਾਂ, ਚਮਕੌਰ ਸਿੰਘ, ਧਰਮਪਾਲ ਸਿੰਘ, ਰਾਜਾ ਸਿੰਘ, ਬਲਵੀਰ ਸਿੰਘ, ਮਨਸਾਂ ਖਾਂ, ਕੁਲਵਿੰਦਰ ਸਿੰਘ ਮੀਤ ਪ੍ਰਧਾਨ, ਜਸਮੇਲ ਕੌਰ ਸਮੇਤ ਵੱਡੀ ਗਿਣਤੀ ਮਹਿਲਾ ਨਿਵੇਸ਼ਕ ਵੀ ਸ਼ਾਮਲ ਸਨ।