ਬਲਵਿੰਦਰ ਸਿੰਘ ਚਾਹਲ ਦੀ ਕਿਤਾਬ "ਇਟਲੀ ਵਿੱਚ ਸਿੱਖ ਫੌਜੀ" ਫੋਰਲੀ ਦੇ ਸ਼ਰਧਾਂਜਲੀ ਸਮਾਰੋਹ ਵਿੱਚ 5 ਅਗਸਤ ਨੂੰ ਹੋਵੇਗੀ ਰਿਲੀਜ਼- ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਇਟਲੀ

On: 13 July, 2017

ਇਟਲੀ ਬਲਵਿੰਦਰ ਸਿੰਘ ਢਿੱਲੋ ਮਿਲਾਨ:- ਦੂਜੀ ਸੰਸਾਰ ਜੰਗ ਸਮੇਂ ਇਟਲੀ ਵਿੱਚ ਬ੍ਰਿਟਿਸ਼ ਇੰਡੀਅਨ ਆਰਮੀ ਵੱਲੋਂ ਲੜਨ ਵਾਲੇ ਸਿੱਖ ਫੌਜੀਆਂ ਉੱਪਰ ਬਲਵਿੰਦਰ ਸਿੰਘ ਚਾਹਲ ਦੀ ਖੋਜ ਭਰਪੂਰ ਪੁਸਤਕ "ਇਟਲੀ ਵਿੱਚ ਸਿੱਖ ਫੌਜੀ" (ਦੂਜਾ ਵਿਸ਼ਵ ਯੁੱਧ) ਫੋਰਲੀ ਵਿਖੇ 5 ਅਗਸਤ 2017 ਨੂੰ ਕਰਵਾਏ ਜਾ ਰਹੇ ਸਲਾਨਾ ਸ਼ਰਧਾਂਜਲੀ ਸਮਾਰੋਹ ਵਿੱਚ ਰਿਲੀਜ਼ ਕੀਤੀ ਜਾਵੇਗੀ। ਇਸ ਕਿਤਾਬ ਵਿੱਚ ਸਿੱਖ ਫੌਜੀਆਂ ਬਾਰੇ ਬਹੁਤ ਸਾਰੀ ਜਾਣਕਾਰੀ ਦਰਜ ਕੀਤੀ ਗਈ ਹੈ। ਜਿਸ ਵਿੱਚ ਸਿੱਖਾਂ ਦੀ ਭਰਤੀ ਤੋਂ ਲੈ ਕੇ ਇਟਲੀ ਦੇ ਵੱਖ ਵੱਖ ਸ਼ਹਿਰਾਂ ਵਿੱਚ ਸਿੱਖਾਂ ਵੱਲੋਂ ਸਰ ਕੀਤੀਆਂ ਮੁਹਿਮਾਂ, ਸਿੱਖਾਂ ਵੱਲੋਂ ਬਹਾਦਰੀ ਦੇ ਸਨਮਾਨ ਪ੍ਰਾਪਤ ਕਰਨੇ, ਸਿੱਖ ਫੌਜੀਆਂ ਅਤੇ ਇਟਾਲੀਅਨ ਨਾਗਰਿਕਾਂ ਦੀਆ ਮੁਲਾਕਾਤਾਂ ਇਸ ਕਿਤਾਬ ਵਿੱਚ ਦਰਜ ਹਨ। ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਇਟਲੀ ਵੱਲੋਂ ਗੁਰੂ ਗਰੰਥ ਸਾਹਿਬ ਜੀ ਦੇ ਸਨਮੁੱਖ ਇਹ ਕਿਤਾਬ ਸੰਗਤਾਂ ਵਿੱਚ ਪੇਸ਼ ਕੀਤੀ ਜਾਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਇਟਲੀ ਵੱਲੋਂ ਹਰਵਿੰਦਰ ਸਿੰਘ, ਸਤਨਾਮ ਸਿੰਘ, ਪ੍ਰਿਥੀਪਾਲ ਸਿੰਘ ਅਤੇ ਕੁਲਜੀਤ ਸਿੰਘ ਨੇ ਸਾਂਝੇ ਤੌਰ 'ਤੇ ਇੱਕ ਪ੍ਰੈਸ ਨੋਟ ਦੌਰਾਨ ਕੀਤਾ।