ਪੰਜਾਬ ਦੇ ਰਾਜਪਾਲ ਵੱਲੋਂ ਸੂਬੇ ਦੀ ਵਿਰਾਸਤ ਨੂੰ ਸਾਂਭਣ ਅਤੇ ਵਿਰਾਸਤੀ ਸੈਰ ਸਪਾਟੇ ਨੂੰ ਉਭਾਰਨ 'ਤੇ ਜ਼ੋਰ

On: 21 July, 2017

ਐਸ.ਏ.ਐਸ. ਨਗਰ (ਮੁਹਾਲੀ), (ਧਰਮਵੀਰ ਨਾਗਪਾਲ) ਸੈਰ ਸਪਾਟਾ ਤੇ ਸੱਭਿਆਚਾਰ ਵਿਭਾਗ ਵੱਲੋਂ ਅੱਜ ਇੰਡੀਅਨ ਸਕੂਲ ਆਫ ਬਿਜਨਸ ਵਿਖੇ ਇੰਡੀਅਨ ਹੈਰੀਟੇਜ ਹੋਟਲ ਐਸੋਸੀਏਸ਼ਨ ਨਾਲ ਵਿਸ਼ੇਸ਼ ਵਿਚਾਰ ਵਟਾਂਦਰਾ ਕਾਨਫਰੰਸ ਕਰਵਾਈ ਗਈ ਜਿਸ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਵੀ.ਪੀ.ਸਿੰਘ ਬਦਨੌਰ ਅਤੇ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਵੱਲੋਂ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਵੀ.ਪੀ.ਸਿੰਘ ਬਦਨੌਰ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਲੋੜ ਹੈ ਕਿ ਸਰਕਾਰ ਅਜਿਹੇ ਨਿਵੇਕਲੇ ਕਦਮ ਚੁੱਕੇ ਜਿਸ ਨਾਲ ਪੰਜਾਬ ਦੇ ਵਿਰਾਸਤੀ ਸੈਰ ਸਪਾਟਾ ਨੂੰ ਵੱਡਾ ਹੁਲਾਰਾ ਮਿਲ ਸਕੇ। ਉਨ੍ਹਾਂ ਐਸੋਸੀਏਸ਼ਨ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਦੀਆਂ ਅਮੀਰ ਵਿਰਾਸਤਾਂ ਨੂੰ ਸਾਂਭ ਕੇ ਇਨ੍ਹਾਂ ਨੂੰ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਉਣ।

ਸ੍ਰੀ ਬਦਨੌਰ ਨੇ ਪੰਜਾਬ ਦੇ ਸੈਰ ਸਪਾਟਾ ਮੰਤਰੀ ਸ. ਸਿੱਧੂ ਦੇ ਜਾਨੂੰਨ ਅਤੇ ਸੂਝ-ਬੂਝ ਦੀ ਤਾਰੀਫ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਵਿਰਾਸਤੀ ਸੈਰ ਸਪਾਟਾ ਨੂੰ ਹੁਲਾਰਾ ਦੇਣ ਲਈ ਇਹ ਪੂਰੀ ਵਿਆਪਕ ਯੋਜਨਾ ਉਲੀਕੀ ਹੈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਨਾਲ ਇਸ ਬਾਰੇ ਵੀ ਵਿਸਥਾਰ ਵਿੱਚ ਵਿਚਾਰ ਵਟਾਂਦਰਾ ਹੋਵੇਗਾ ਕਿ ਸੱਭਿਆਚਾਰ ਤੇ ਸੈਰ ਸਪਾਟਾ ਜ਼ਰੀਏ ਕਿਵੇਂ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਰੋਜ਼ਗਾਰ ਦੇ ਸਾਧਨ ਜੁਟਾਏ ਜਾ ਸਕਣ ਇਸ ਲਈ ਕਿਵੇਂ ਢੰਗ ਤਰੀਕੇ ਅਪਣਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਆਉਂਦੇ ਸਮੇਂ ਵਿੱਚ ਵਿਰਾਸਤੀ ਸੈਰ ਸਪਾਟਾ ਵਿੱਚ ਵੱਡਾ ਨਾਮ ਬਣੇਗਾ ਅਤੇ ਇਥੇ ਸਥਿਤ ਵਿਰਾਸਤੀ ਇਮਾਰਤਾਂ ਸਦਕਾ ਬਹੁਤ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਸ਼ੰਭੂ ਸਰਾਏ ਜਿਹੀਆਂ ਥਾਵਾਂ ਉਪਰ ਵਿਆਹ-ਸ਼ਾਦੀ ਦੇ ਸਮਾਗਮ ਕਰਵਾਉਣੇ ਬਹੁਤ ਵਧੀਆ ਵਿਚਾਰ ਹੋਵੇਗਾ।

ਇਸ ਤੋਂ ਪਹਿਲਾਂ ਸੰਬਧੋਨ ਕਰਦਿਆਂ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਨੇ ਹਰ ਖੇਤਰ ਵਿੱਚ ਦੇਸ਼ ਦੀ ਅਗਵਾਈ ਕੀਤੀ ਹੈ ਅਤੇ ਹੁਣ ਵੇਲਾ ਆ ਗਿਆ ਹੈ ਕਿ ਸੈਰ ਸਪਾਟਾ ਖੇਤਰ ਵਿੱਚ ਵੀ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣੇ। ਇਸ ਦਿਸ਼ਾ ਵਿੱਚ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹਰ ਸੰਭਵ ਯਤਨ ਕਰੇਗੀ ਕਿ ਇਥੋਂ ਦੀ ਅਮੀਰ ਵਿਰਾਸਤ, ਸੱਭਿਆਚਾਰ, ਧਾਰਮਿਕ ਤੇ ਇਤਿਹਾਸਕ ਸਥਾਨਾਂ ਨੂੰ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ.ਸਿੰਘ ਬਦਨੌਰ ਦੇ ਵਿਸ਼ੇਸ਼ ਸਹਿਯੋਗ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ ਸਦਕਾ ਸੰਭਵ ਹੋਈ ਇਸ ਇਤਿਹਾਸਕ ਕਾਨਫਰੰਸ ਦਾ ਮਕਸਦ ਪੰਜਾਬ ਅੰਦਰ ਮੌਜੂਦ ਵਿਰਸਾਤੀ ਸੈਰ ਸਪਾਟਾ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਨਾ ਹੈ।

ਸ. ਸਿੱਧੂ ਨੇ ਕਿਹਾ ਕਿ ਪੰਜਾਬ ਸੂਬੇ ਵਿੱਚ ਸੈਰ ਸਪਾਟਾ ਖੇਤਰ ਵਿੱਚ ਬੇਸ਼ੁਮਾਰ ਸਮਰੱਥਾ ਹੈ ਕਿ ਦੁਨੀਆਂ ਭਰ ਦੇ ਸੈਲਾਨੀਆਂ ਨੂੰ ਇਥੇ ਖਿੱਚਿਆ ਜਾਵੇ। ਉਨ੍ਹਾਂ ਕਿਹਾ ਕਿ ਆਈਫਲ ਟਾਵਰ (ਪੈਰਿਸ) ਤੇ ਤਾਜ ਮਹੱਲ (ਆਗਰਾ) ਵਿਖੇ ਰੋਜ਼ਾਨਾ ਆਉਂਦੇ ਸੈਲਾਨੀਆਂ ਨਾਲੋਂ ਕਈ ਗੁਣਾ ਸ਼ਰਧਾਲੂ ਰੋਜ਼ਾਨਾ ਦਰਬਾਰ ਸਾਹਿਬ ਅੰਮ੍ਰਿਤਸਰ ਆਉਂਦੇ ਹਨ। ਉਨ੍ਹਾਂ ਕਿਹਾ ਕਿ ਵਿਭਾਗ ਸੱਭਿਆਚਾਰ ਨੀਤੀ ਦੇ ਨਾਲ ਆਉਂਦੇ ੫੦ ਵਰ੍ਹਿਆਂ ਲਈ ਅਜਿਹੀ ਵਿਆਪਕ ਸੈਰ ਸਪਾਟਾ ਨੀਤੀ ਬਣਾ ਰਿਹਾ ਹੈ ਜਿਸ ਨਾਲ ਪੰਜਾਬ ਆਉਂਦੇ ਸੈਲਾਨੀਆਂ ਨੂੰ ਵੱਖ-ਵੱਖ ਸਰਕਟਾਂ ਰਾਹੀਂ ਵਿਸ਼ੇਸ਼ ਸਹੂਲਤਾਂ ਦੇ ਕੇ ਹੋਰ ਸੈਲਾਨੀਆਂ ਨੂੰ ਖਿੱਚਿਆ ਜਾਵੇਗਾ। ਸ. ਸਿੱਧੂ ਨੇ ਪੰਜਾਬ ਨੂੰ ਸੈਰ ਸਪਾਟਾ ਤੇ ਸੱਭਿਆਚਾਰ ਪੱਖੋਂ ਮੋਹਰੀ ਬਣਾਉਣ ਦੀ ਪੈਰਵੀ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ 'ਬਰਾਂਡ ਪੰਜਾਬ' ਵਿਸ਼ਵ ਪੱਧਰ ਪੂਰੇ ਧੂਮ ਧੜੱਕੇ ਨਾਲ ਉਭਰ ਕੇ ਸਾਹਮਣੇ ਆਏ।

ਸੈਰ ਸਪਾਟਾ ਮੰਤਰੀ ਨੇ ਕਿਹਾ ਕਿ ਸੈਰ ਸਪਾਟਾ ਖੇਤਰ ਵਿੱਚ ਪਰਵਾਸੀ ਭਾਰਤੀ ਸਭ ਤੋਂ ਅਹਿਮ ਹੋਣਗੇ। ਉਨ੍ਹਾਂ ਕਿਹਾ ਕਿ ਅੱਜ ਦੁਨੀਆਂ ਦੇ ਕੋਨੇ-ਕੋਨੇ ਵਿੱਚ ਵਸੇ ਪੰਜਾਬੀਆਂ ਦੀ ਰੂਹ ਹਾਲੇ ਵੀ ਪੰਜਾਬ ਵਿੱਚ ਵੱਸਦੀ ਹੈ ਅਤੇ ਜੇਕਰ ਉਨ੍ਹਾਂ ਨੂੰ ਇਥੇ ਥੋੜੀ ਬਹੁਤੀ ਸਹੂਲਤ ਦੇ ਕੇ ਬੁਲਾਇਆ ਜਾਵੇ ਤਾਂ ਵੱਡੀ ਗਿਣਤੀ ਵਿੱਚ ਪਰਵਾਸੀ ਭਾਰਤੀ ਪੰਜਾਬ ਨਾਲ ਜੁੜਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਜਿਹੀ ਸੈਰ ਸਪਾਟਾ ਨੀਤੀ ਬਣਾ ਰਹੀ ਹੈ ਜਿਸ ਵਿੱਚ ਪਰਵਾਸੀ ਭਾਰਤੀਆਂ ਨੂੰ ਉਨ੍ਹਾਂ ਦੀਆਂ ਜੜ੍ਹਾਂ ਨਾਲ ਜੁੜਨ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਸੈਰ ਸਪਾਟਾ ਪੂਰੇ ਸੂਬੇ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਦੇਣ ਦੀ ਸਮਰੱਥਾ ਰੱਖਦਾ ਹੈ ਜਿਸ ਨੂੰ ਸਿਰਫ ਪਛਾਣ ਕੇ ਅਮਲੀ ਜਾਮਾ ਪਹਿਨਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਈ ਸੂਬੇ ਅਤੇ ਦੇਸ਼ ਸਿਰਫ ਸੈਰ ਸਪਾਟਾ ਸਿਰ 'ਤੇ ਚੱਲਦੇ ਹਨ ਜਿੱਥੇ ਪੰਜਾਬ ਨਾਲੋਂ ਘੱਟ ਸੈਰ ਸਪਾਟਾ ਦੀਆਂ ਥਾਵਾਂ ਹਨ ਜਦੋਂ ਕਿ ਪੰਜਾਬ ਇਸ ਖੇਤਰ ਵਿੱਚ ਬੇਸ਼ੁਮਾਰ ਸਮਰੱਥਾ ਰੱਖਦਾ ਹੈ। ਉਨ੍ਹਾਂ ਕਿਹਾ ਕਿ ਸੈਰ ਸਪਾਟਾ ਸੂਬੇ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਅਨੇਕਾਂ ਵਸੀਲੇ ਪੈਦਾ ਕਰੇਗਾ ਜਿਸ ਨਾਲ ਪੰਜਾਬ ਦਾ ਨੌਜਵਾਨ ਆਪਣੇ ਪੈਰਾਂ ਸਿਰ ਖੜ੍ਹਾ ਹੋਵੇਗਾ।

ਸ. ਸਿੱਧੂ ਨੇ ਕਿਹਾ ਕਿ ਚਾਰ ਸਰਕਟਾਂ ਰਾਹੀਂ ਵੱਖ-ਵੱਖ ਖੇਤਰਾਂ ਦੇ ਸੈਲਾਨੀਆਂ ਨੂੰ ਖਿੱਚਿਆ ਜਾਵੇਗਾ। ਇਹ ਮਹਾਰਾਜਾ ਸਰਕਟ, ਮੁਗਲ ਸਰਕਟ, ਸੂਫੀ ਸਰਕਟ ਤੇ ਧਾਰਮਿਕ ਸਰਕਟ ਹੈ ਜਿਹੜੇ ਵਿਰਾਸਤੀ, ਇਤਿਹਾਸਕ ਤੇ ਧਾਰਮਿਕ ਸੈਲਾਨੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ। ਉਨ੍ਹਾਂ ਅਗਾਂਹ ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਾਰਮਿਕ ਸਰਕਟ ਵਿੱਚ ਸੂਬੇ ਅੰਦਰ ਸਥਿਤ ਤਿੰਨ ਤਖਤ ਸਾਹਿਬਾਨਾਂ (ਸ੍ਰੀ ਅਕਾਲ ਤਖਤ ਅੰਮ੍ਰਿਤਸਰ, ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਤੇ ਦਮਦਮਾ ਸਾਹਿਬ, ਤਲਵੰਡੀ ਸਾਬੋ) ਫਤਹਿਗੜ੍ਹ ਸਾਹਿਬ, ਚਮਕੌਰ ਸਾਹਿਬ ਨੂੰ ਜੋੜਿਆ ਜਾਵੇਗਾ। ਇਸੇ ਤਰ੍ਹਾਂ ਮਹਾਰਾਜਾ ਸਰਕਟ ਵਿੱਚ ਪਟਿਆਲਾ ਸਥਿਤ ਕਿਲਾ ਮੁਬਾਰਕ, ਸ਼ੀਸ਼ ਮਹਿਲ, ਬਠਿੰਡਾ ਕਿਲਾ, ਦਰਬਾਰ ਹਾਲ ਸੰਗਰੂਰ, ਮਹਾਰਾਜਾ ਜਗਜਤਜੀਤ ਪੈਲੇਸ ਤੇ ਬੱਘੀ ਖਾਨਾ ਕਪੂਰਥਲਾ ਨੂੰ ਜੋੜਿਆ ਜਾਵੇਗਾ। ਮੁਗਲ ਸਰਕਟ ਵਿੱਚ ਪੰਜਾਬ ਅੰਦਰ ਸਥਿਤ ਵੱਖ-ਵੱਖ ਸਰਾਵਾਂ ਜਿਵੇਂ ਕਿ ਸ਼ੰਭੂ, ਦੋਰਾਹਾ, ਨਕੋਦਰ, ਨੂਰਮਹਿਲ, ਬਾਦਸ਼ਾਹ ਅਕਬਰ ਦੀ ਤਾਜਪੋਸ਼ੀ ਵਾਲੀ ਜਗ੍ਹਾਂ ਕਲਾਨੌਰ ਨੂੰ ਜੋੜਿਆ ਜਾਵੇਗਾ। ਸੂਫੀ ਸਰਕਟ ਤਹਿਤ ਰੋਜ਼ਾ ਸ਼ਰੀਫ ਸਰਹਿੰਦ, ਬਾਬਾ ਸ਼ੇਖ ਫਰੀਦ ਨਾਲ ਜੁੜੀਆਂ ਫਰੀਦਕੋਟ ਵਿੱਚ ਥਾਵਾਂ ਨੂੰ ਜੋੜਨ ਦੇ ਨਾਲ ਬਾਬਾ ਬੁੱਲੇ ਸ਼ਾਹ ਦੀ ਵਿਰਾਸਤ ਨਾਲ ਜੋੜਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਅੰਦਰ ਸਥਿਤ ਵੱਖ-ਵੱਖ ਕਿਲ੍ਹਿਆਂ ਨੂੰ ਵਿਆਹ-ਸ਼ਾਦੀਆਂ ਲਈ ਵਰਤਿਆ ਜਾਣ ਅਤੇ ਆਮ ਖਾਸ ਬਾਗ ਸਰਹਿੰਦ ਜਿਹੀਆਂ ਦਿਲ ਖਿੱਚਵੀਆਂ ਥਾਵਾਂ ਵਿਖੇ ਸੈਲਾਨੀਆਂ ਲਈ ਟੈਂਟ ਰਿਹਾਇਸ਼ ਦਾ ਪ੍ਰਬੰਧ ਕਰਨ ਬਾਰੇ ਵਿਚਾਰ ਹੋ ਰਿਹਾ ਹੈ।

ਇਸ ਮੌਕੇ ਬੋਲਦਿਆਂ ਇੰਡੀਅਨ ਹੈਰੀਟੇਜ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਮਹਾਰਾਜ ਗਜ ਸਿੰਘ (ਜੋਧਪੁਰ) ਨੇ ਕਿਹਾ ਕਿ ਸ. ਸਿੱਧੂ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਨਿਸ਼ਾਨਾ ਪੰਜਾਬ ਨੂੰ ਸੈਰ ਸਪਾਟਾ ਦੀ ਦੁਨੀਆਂ ਵਿੱਚ ਅੱਗੇ ਲੈ ਕੇ ਜਾਣਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਲਏ ਜਾਣ ਵਾਲੇ ਅਹਿਮ ਫੈਸਲੇ ਜ਼ਰੂਰ ਮੰਜ਼ਿਲ ਤੱਕ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਸਮਰਪਣ ਦੀ ਭਾਵਨਾ ਅਤੇ ਨਿਵੇਕਲੀ ਸੋਚ ਹੋਣਾ ਬਹੁਤ ਜ਼ਰੂਰੀ ਹੈ ਅਤੇ ਇਸ ਦਿਸ਼ਾ ਵਿੱਚ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।

ਇਸ ਤੋਂ ਪਹਿਲਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਜਸਪਾਲ ਸਿੰਘ ਨੇ ਸੈਰ ਸਪਾਟਾ ਨੀਤੀ ਬਣਾਉਣ ਲਈ ਤਿਆਰ ਕੀਤੇ ਜਾ ਰਹੇ ਖਾਕੇ ਨੂੰ ਪਾਵਰ ਪੁਆਇੰਟ ਪੇਸ਼ਕਾਰੀ ਰਾਹੀਂ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਚਾਨਣਾ ਪਾਇਆ। ਪੰਜਾਬ ਸਥਿਤ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਲਈ ਕੰਮ ਕਰ ਰਹੀ ਕੰਸਲਟੈਂਟ ਆਭਾ ਨਰਾਇਣ ਲਾਂਬਾ ਨੇ ਦਿਲਖਿੱਚਵੀ ਪੇਸ਼ਕਾਰੀ ਦਿਖਾਉਂਦਿਆਂ ਪੰਜਾਬ ਅੰਦਰ ਸਥਿਤ ਧਾਰਮਿਕ, ਇਤਿਹਾਸਕ, ਵਿਰਾਸਤੀ ਇਮਾਰਤਾਂ ਦਿਖਾਈਆਂ ਜਿੱਥੇ ਸੈਲਾਨੀਆਂ ਨੂੰ ਹੋਰ ਵੱਡੀ ਗਿਣਤੀ ਵਿੱਚ ਆਉਣ ਲਈ ਪ੍ਰੇਰਿਆ ਜਾ ਸਕਦਾ ਹੈ। ਪੂਰੇ ਸਮਾਗਮ ਦਾ ਸਟੇਜ ਸੰਚਾਲਨ ਕਰ ਰਹੇ ਵਿਭਾਗ ਦੇ ਡਾਇਰੈਕਟਰ ਸ੍ਰੀ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਨਾਲੋਂ-ਨਾਲ ਪੰਜਾਬ ਅੰਦਰ ਸੈਰ ਸਪਾਟਾ ਦੇ ਨਜ਼ਰੀਏ ਤੋਂ ਮਹੱਤਵਪੂਰਨ ਥਾਵਾਂ ਦੀ ਵਿਲੱਖਣਤਾਵਾਂ ਬਾਰੇ ਚਾਨਣਾ ਪਾਇਆ ਅਤੇ ਪਟਿਆਲਾ ਸਥਿਤ ਵਿਰਾਸਤੀ ਇਮਾਰਤਾਂ ਸਬੰਧੀ ਦਿਲਚਸਪ ਤੱਥ ਦੱਸੇ।

ਲਾਰਡ ਦਲਜੀਤ ਰਾਣਾ ਨੇ ਉਤਰੀ ਆਇਰਲੈਂਡ ਬਾਰੇ ਆਪਣੀ ਪੇਸ਼ਕਾਰੀ ਦਿੰਦਿਆਂ ਦੱਸਿਆ ਕਿ ਜਿੰਨੀ ਇਥੋਂ ਦੀ ਕੁੱਲ ਵਸੋਂ ਹੈ, ਉਸ ਤੋਂ ਦੋਗੁਣੇ ਸੈਲਾਨੀ ਇਥੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਸੈਰ ਸਪਾਟਾ ਉਤਰੀ ਆਇਰਲੈਂਡ ਦੀ ਆਰਥਿਕਤਾ ਦਾ ਧੁਰਾ ਹੈ। ਇੰਡੀਅਨ ਹੈਰੀਟੇਜ ਹੋਟਲ ਐਸੋਸੀਏਸ਼ਨ ਦੇ ਆਨਰੇਰੀ ਜਨਰਲ ਸਕੱਤਰ ਠਾਕੁਰ ਰਣਧੀਰ ਵਿਕਰਮ ਸਿੰਘ ਨੇ ਦੇਸ਼ ਅੰਦਰ ਮੌਜੂਦ ਹੈਰੀਟੇਜ ਹੋਟਲਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਗੱਲ 'ਤੇ ਖੁਸ਼ੀ ਪ੍ਰਗਟਾਈ ਕਿ ਪੰਜਾਬ ਸਰਕਾਰ ਨੇ ਇਸ ਖੇਤਰ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾਉਂਦਿਆਂ ਜਿੱਥੇ ਆਪਣੇ ਅਮੀਰ ਵਿਰਸੇ ਨੂੰ ਸਾਂਭਣ ਲਈ ਉਪਰਾਲਾ ਕੀਤਾ ਹੈ ਉਥੇ ਸੈਲਾਨੀਆਂ ਨੂੰ ਖਿੱਚਣ ਲਈ ਵਿਆਪਕ ਸੈਰ ਸਪਾਟਾ ਨੀਤੀ ਉਲੀਕੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਾਲੇ ਤੱਕ ਪੰਜਾਬ ਵਿੱਚ ਇਕ ਵੀ ਹੈਰੀਟੇਜ ਹੋਟਲ ਨਹੀਂ ਹੈ ਜਦੋਂ ਕਿ ਦੇਸ਼ ਦੇ ਕਈ ਸੂਬਿਆਂ ਵਿੱਚ ਹੈਰੀਟੇਜ ਹੋਟਲ ਸਫਲਤਾਪੂਰਵਕ ਚੱਲ ਰਹੇ ਹਨ। ਨੀਮਰਾਨਾ ਹੋਟਲ ਦੇ ਸੀ.ਐਮ.ਡੀ. ਸ੍ਰੀ ਅਮਨ ਨਾਥ ਨੇ ਪੰਜਾਬ ਦੀ ਅਮੀਰ ਵਿਰਾਸਤ ਦੱਸਦਿਆਂ ਕਿਹਾ ਕਿ ਪੰਜਾਬੀਆਂ ਨੂੰ ਆਪਣੀ ਪਛਾਣ ਮਾਣ ਨਾਲ ਦੱਸਣੀ ਚਾਹੀਦੀ ਹੈ ਅਤੇ ਇਹੋ ਵਿਰਾਸਤ ਸੈਰ ਸਪਾਟਾ ਖੇਤਰ ਵਿੱਚ ਪੰਜਾਬ ਨੂੰ ਕੌਮਾਂਤਰੀ ਪੱਧਰ 'ਤੇ ਨਾਅ ਚਮਕਾਏਗੀ।

ਇਸ ਤੋਂ ਪਹਿਲਾ ਆਈ.ਐਸ.ਬੀ. ਦੇ ਡੀਨ ਸ੍ਰੀ ਰਾਜਿੰਦਰਾ ਸ੍ਰੀਵਾਸਤਵਾ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਇਸ ਕਾਨਫਰੰਸ ਨੂੰ ਪੰਜਾਬ ਦੇ ਸੈਰ ਸਪਾਟਾ ਖੇਤਰ ਲਈ ਇਤਿਹਾਸਕ ਕਰਾਰ ਦਿੱਤਾ।