ਖਰੜ ਦੇ ਇਲਾਕੇ ਚ ਵੱਡੀ ਵਾਰਦਾਤ ਕਰਨ ਦੀ ਤਿਆਰ ਚ ਲੱਗੇ ਦੋ ਮੁਲਜ਼ਮ ਪੁਲਿਸ ਵੱਲੋਂ ਕਾਬੂ

On: 21 July, 2017

ਮੁਲਜ਼ਮਾਂ ਤੋਂ ੦੧ ਪਿਸਟਲ .੩੧੫ ਬੋਰ ਦੇਸੀ ਅਤੇ ਜਿੰਦਾ ਕਾਰਤੂਸ ਬਰਾਮਦ ਇੰਡੀਗੋ ਕਾਰ ਵੀ ਹੋਈ ਬਰਾਮਦ
ਐਸ.ਏ.ਐਸ ਨਗਰ ੨੦ ਜੁਲਾਈ (ਧਰਮਵੀਰ ਨਾਗਪਾਲ) ਖਰੜ ਇਲਾਕੇ ਚ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕਰਨ ਵਿਚ ਪੁਲਿਸ ਨੂੰ ਸਫਲਤਾ ਮਿਲੀ। ਇਸ ਸਬੰਧੀ ਐਸ.ਪੀ. (ਇਨਵੈਸਟੀਗੇਸ਼ਨ) ਸ. ਹਰਬੀਰ ਸਿੰਘ ਅਟਵਾਲ ਅਤੇ ਡੀ.ਐਸ.ਪੀ (ਇਨਵੈਸਟੀਗੇਸ਼ਨ) ਸ. ਗੁਰਵਿੰਦਰ ਸਿੰਘ  ਨੇ ਦੱਸਿਆ ਕਿ ਜਿਲਾ੍ਹ ਪੁਲਿਸ ਮੁੱਖੀ ਸ੍ਰੀ ਕੁਲਦੀਪ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ  ਭੈੜੇ ਅਨਸਰਾਂ ਵਿਰੁੱਧ ਵਿੰਢੀ ਹੋਈ ਮੁਹਿੰਮ ਤਹਿਤ ਇੰਚਾਰਜ ਸੀ. ਆਈ. ਏ.ਸਟਾਫ ਮੋਹਾਲੀ ਇੰਸਪੈਕਟਰ ਤਰਲੋਚਨ ਸਿੰਘ ਦੀ ਨਿਗਰਾਨੀ ਹੇਠ ਸ:ਥ: ਸਤੀਸ਼ ਕੁਮਾਰ ਸੀ.ਆਈ. ਏ. ਸਟਾਫ ਮੋਹਾਲੀ ਸਮੇਤ ਪੁਲਿਸ ਪਾਰਟੀ ਵੱਲੋਂ ਚੈਕਿੰਗ ਦੇ ਸਬੰਧ ਵਿੱਚ ਬੱਸ ਅੱਡਾ ਖਰੜ ਵਿਖੇ ਮੌਜੂਦ ਸਨ। ਦੌਰਾਨੇ ਚੈਕਿੰਗ ਸ:ਥ: ਸਤੀਸ਼ ਕੁਮਾਰ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅੰਸੂਮਨ (੨੭) ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਰਸੂਲਪੁਰ ਜਿਲਾ੍ਹ ਬੁਲੰਦ ਸ਼ਹਿਰ ਅਤੇ ਕ੍ਰਿਸ਼ਨ ਕੁਮਾਰ ਉਰਫ ਕ੍ਰਿਸ਼ਨ (੨੨) ਪੁੱਤਰ ਸੁਰਿੰਦਰ ਕੁਮਾਰ ਵਾਸੀ ਮਕਾਨ ਨੰਬਰ ੧੧੫੪ ਵਾਰਡ ਨੰਬਰ ੧੫ ਛੋਟੀ ਲਾਈਨ ਯਮਨਾ ਨਗਰ ਸ਼ਹਿਰ (ਹਰਿਆਣਾ) ਨਜਾਇਜ਼ ਅਸਲੇ ਨਾਲ ਲੈਸ਼ ਹੋ ਕੇ ਖਰੜ ਏਰੀਆ ਵਿੱਚ ਘੁੰਮ ਰਹੇ ਹਨ। ਮੁਖਬਰੀ ਦੇ ਆਧਾਰ ਪਰ ਇਹਨਾਂ ਮੁਲਜ਼ਮਾਂ ਵਿਰੁੱਧ ਮੁਕੱਦਮਾ ਨੰਬਰ ੧੬੧ ਮਿਤੀ ੨੦.੦੭.੨੦੧੭ ਅ/ਧ ੨੫,੫੪,੫੯ ਅਸਲਾ ਐਕਟ ਥਾਣਾ ਸਿਟੀ ਖਰੜ ਦਰਜ ਰਜਿਸਟਰ ਕੀਤਾ ਗਿਆ ਅਤੇ ਸ: ਥ: ਸਤੀਸ਼ ਕੁਮਾਰ ਨੇ ਸਮੇਤ ਪੁਲਿਸ ਪਾਰਟੀ ਦੇ ਇਹਨਾਂ ਮੁਲਜ਼ਮਾਂ ਨੂੰ ਸ਼ਿਵਜੋਤ ਇਨਕਲੇਵ ਖਰੜ ਦੇ ਨੇੜੇ ਤੋਂ ਕਾਰ ਨੰਬਰ ਐਚ.ਆਰ.੦੫-ਏ.ਈ-੯੮੨੪ ਮਾਰਕਾ ਇੰਡੀਗੋ ਵਿਚੋਂ ਕਾਬੂ ਕਰਕੇ ਇਹਨਾਂ ਦੀ ਤਲਾਸੀ ਲਈ ਤਾਂ ਇਹਨਾਂ ਪਾਸੋਂ ੦੧ ਪਿਸਟਲ .੩੧੫ ਬੋਰ ਦੇਸੀ ਸਮੇਤ ੦੩ ਜਿੰਦਾ ਕਾਰਤੂਸ ਬ੍ਰਾਮਦ ਹੋਏ। ਇਨ੍ਹਾਂ ਦੋਸ਼ੀਆਂ ਨੂੰ ਉਕੱਤ ਮੁਕੱਦਮਾ ਵਿੱਚ ਗ੍ਰਿਫਤਾਰ ਕਰਕੇ ਉਕੱਤ ਅਸਲਾ ਐਮੋਨੀਸ਼ਨ ਸਮੇਤ ਮੁਲਜ਼ਮਾਂ ਵੱਲੋਂ ਵਰਤੀ ਜਾ ਰਹੀ ਕਾਰ ਇੰਡੀਗੋ ਨੂੰ ਪੁਲਿਸ ਵੱਲੋਂ ਕਬਜੇ ਵਿੱਚ ਲਿਆ ਗਿਆ।

  ਐਸ.ਪੀ.ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਇਹਨਾਂ ਮੁਲਜ਼ਮਾਂ ਦੀ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਨੇ ਸਰਬਜੀਤ ਸਿੰਘ ਉਰਫ ਰੌਕੀ ਵਾਸੀ ਛੱਜੂ ਮਾਜਰਾ ਖਰੜ ਨੂੰ ਮਾਰਨ ਲਈ ਇਹ ਅਸਲਾ ਖਰੀਦ ਕੀਤਾ ਸੀ, ਜਿਸ ਦੀ ਇਹ ਰੈਕੀ ਕਰ ਰਹੇ ਸਨ।ਉਨਾਂ੍ਹ ਦੱਸਿਆ ਕਿ ਅੰਸੂਮਨ ਵੈਬ ਡੀਜ਼ਾਇਨਰ ਦਾ ਕੰਮ ਕਰਦਾ ਹੈ ਅਤੇ ਕ੍ਰਿਸ਼ਨ ਕੁਮਾਰ ਉਰਫ ਕ੍ਰਿਸ਼ਨ ਵਿਹਲੜ ਕਿਸਮ ਦਾ ਹੈ। ਮੁਲਜ਼ਮਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਮੁਕੱਦਮਾ ਦੀ ਤਫਤੀਸ਼ ਜਾਰੀ ਹੈ।

Section: