ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਨੇ ਅੰਮ੍ਰਿਤਸਰ ਚ ਦਮਦਮੀ ਟਕਸਾਲ ਗੱਤਕਾ ਅਖਾੜਾ ਖੋਲਿਆ

On: 29 July, 2017

ਸੰਦੌੜ (ਹਰਮਿੰਦਰ ਸਿੰਘ ਭੱਟ)

ਪੰਥਕ ਜਥੇਬੰਦੀ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਅਗਸਤ ਮਹੀਨੇ ਨੂੰ ਬਾਰਵੇਂ ਸਾਲ ਚ ਪ੍ਰਵੇਸ਼ ਕਰਨ ਜਾ ਰਹੀ ਹੈ, ਸਿੱਖੀ ਸਿਧਾਂਤਾਂ ਦੀ ਪਹਿਰੇਦਾਰੀ ਲਈ ਅਤੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਜਾਰੀ ਰੱਖਣ ਹਿਤ ਜਾਗਦੀ ਜਮੀਰ ਵਾਲੇ ਜੁਝਾਰੂ ਨੌਜਵਾਨਾਂ ਦੀ ਇਹ ਸੰਸਥਾ ਹੋਂਦ ਚ ਆਈ ਸੀ। ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਜਿੱਥੇ ਲਗਾਤਾਰ ਪੰਜਾਬ, ਮੱਧ ਪ੍ਰਦੇਸ਼, ਯੂ.ਪੀ, ਹਰਿਆਣਾ ਆਦਿ ਸਟੇਟਾਂ ਚ ਗੁਰਮਤ ਕੈਂਪ ਲਗਾਏ ਜਾ ਰਹੇ ਹਨ, ਓਥੇ ਨਾਲ-ਨਾਲ ਹੀ ਸਿੱਖ ਬੱਚਿਆਂ ਨੂੰ ਖ਼ਾਲਸਾਈ ਖੇਡਾਂ ਨਾਲ ਜੋੜਨ ਲਈ ਵੱਖ-ਵੱਖ ਅਸਥਾਨਾਂ ਤੇ ਗੱਤਕੇ ਅਖਾੜੇ ਚਲਾਏ ਜਾ ਰਹੇ ਹਨ। ਬੀਤੇ ਕੱਲ ਸੁਲਤਾਨਵਿੰਡ ਰੋਡ ਸਥਿਤ ਨਿਊ ਗੁਰਨਾਮ ਨਗਰ ਚ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਦਮਦਮੀ ਟਕਸਾਲ ਗੱਤਕਾ ਅਖਾੜਾ ਤੇ ਗੁਰਮਤ ਵਿਦਿਆਲਾ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ਚ ਆਰੰਭ ਕੀਤਾ ਗਿਆ। ਇਸ ਮੌਕੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਜੀ ਦਮਦਮੀ ਟਕਸਾਲ ਅਤੇ ਸ਼੍ਰੋਮਣੀ ਗੱਤਕਾ ਅਖਾੜਾ ਰਾਮਸਰ ਦੇ ਉਸਤਾਦ ਜਥੇਦਾਰ ਹਰੀ ਸਿੰਘ ਨੇ ਦਮਦਮੀ ਟਕਸਾਲ ਚੋਂ ਪੜੇ ਫ਼ੈਡਰੇਸ਼ਨ ਦੇ ਜਿਲਾ ਪ੍ਰਧਾਨ ਗਿਆਨੀ ਸਿਮਰਨਜੀਤ ਸਿੰਘ ਨੂੰ ਦਸਤਾਰ, ਕਿਰਪਾਨ, ਵਿਸਲ, ਡੱਬਾ, ਸ਼ਸਤਰ ਤੇ ਸਿਰੋਪੇ ਭੇਂਟ ਕੀਤੇ ਤੇ ਦਸਤਾਰਬੰਦੀ ਵੀ ਗੁਰਮਤ ਅਨੁਸਾਰ ਕੀਤੀ ਤੇ ਉਪਰੰਤ ਵੱਖ-ਵੱਖ ਜਥੇਬੰਦੀਆਂ ਅਤੇ ਅਖਾੜੇ ਵਾਲੇ ਉਸਤਾਦਾਂ ਨੇ ਸਿਮਰਨਜੀਤ ਸਿੰਘ ਨੂੰ ਸਿਰੋਪੇ ਭੇਟ ਕੀਤੇ। ਇਸ ਗੁਰਮਤ ਵਿਦਿਆਲੇ ਦੇ ਅਸਥਾਨ ਦੇ ਸਮੁੱਚੇ ਪ੍ਰਬੰਧ ਦੀ ਜਿੰਮੇਵਾਰੀ ਗਿਆਨੀ ਸਿਮਰਨਜੀਤ ਸਿੰਘ ਨੂੰ ਸੌਂਪੀ ਗਈ। ਮੀਡੀਆ ਨਾਲ ਗੱਲਬਾਤ ਕਰਦਿਆਂ ਫ਼ੈਡਰੇਸ਼ਨ ਦੇ ਨੌਜਵਾਨ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਆਉਂਦੇ ਦਿਨੀਂ ਹੋਰ ਸ਼ਹਿਰਾਂ ਚ ਵੀ ਗੱਤਕੇ ਅਖਾੜੇ ਖੋਲੇ ਜਾਣਗੇ ਤੇ ਦੇਹਧਾਰੀਆਂ ਦੇ ਵੱਧ ਰਹੇ ਕੂੜ ਪ੍ਰਚਾਰ ਨੂੰ ਰੋਕਣ ਲਈ ਅਤੇ ਪਤਿਤਪੁਣੇ ਤੇ ਨਸ਼ਿਆਂ ਨੂੰ ਠੱਲਣ ਲਈ ਜਥੇਬੰਦੀ ਵੱਲੋਂ ਠੋਸ ਉਪਰਾਲੇ ਕੀਤੇ ਜਾਣਗੇ। ਉਨਾਂ ਕਿਹਾ ਕਿ ਇਸ ਅਸਥਾਨ ਤੋਂ ਬੱਚਿਆਂ ਨੂੰ ਸ਼ੁੱਧ ਗੁਰਬਾਣੀ ਦੀ ਸੰਥਿਆ, ਕੀਰਤਨ, ਤਬਲਾ, ਦਸਤਾਰ ਸਿਖਲਾਈ ਤੇ ਸਿੱਖ ਇਤਿਹਾਸ ਦੀ ਜਾਣਕਾਰੀ ਦਿੱਤੀ ਜਾਇਆ ਕਰੇਗੀ ਤੇ ਗੁਰਮਤ ਸਮਾਗਮ ਕਰਵਾਏ ਜਾਣਗੇ। ਗਿਆਨੀ ਸਿਮਰਨਜੀਤ ਸਿੰਘ ਨੇ ਸਭ ਸੰਗਤਾਂ ਦਾ ਧੰਨਵਾਦ ਕੀਤਾ ਤੇ ਉਨਾਂ ਕਿਹਾ ਕਿ ਸਤਿਗੁਰਾਂ ਦੀ ਕਿਰਪਾ ਸਦਕਾ ਇਹ ਸੇਵਾ ਪੂਰੀ ਤਨਦੇਹੀ ਨਾਲ ਨਿਭਾਵਾਂਗਾ। ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਸੇਵਾ ਮਿਸ਼ਨ ਤੇ ਗੱਤਕਾ ਅਖਾੜਾ ਦੇ ਉਸਤਾਦ ਭਾਈ ਅਜੀਤ ਸਿੰਘ ਨਿਹੰਗ, ਦਲ ਬਾਬਾ ਬਿਧੀ ਚੰਦ ਤੋਂ ਭਾਈ ਦੀਦਾਰ ਸਿੰਘ ਨਿਹੰਗ, ਭਾਈ ਪਾਰਸ ਸਿੰਘ, ਭਾਈ ਮਲਕੀਤ ਸਿੰਘ ਖ਼ਾਲਸਾ, ਭਾਈ ਜਸਵੰਤ ਸਿੰਘ, ਭਾਈ ਪ੍ਰਤਾਪ ਸਿੰਘ, ਭਾਈ ਗਗਨਦੀਪ ਸਿੰਘ, ਭਾਈ ਲਖਵਿੰਦਰ ਸਿੰਘ ਗ੍ਰੰਥੀ, ਭਾਈ ਸੰਦੀਪ ਸਿੰਘ ਆਦਿ ਵਿਦਿਆਰਥੀ, ਖਿਡਾਰੀ ਤੇ ਬੱਚੇ ਸ਼ਾਮਿਲ ਸਨ।