ਪਟਿਆਲਾ ਪੁਲਿਸ ਵੱਲੋਂ ਭਾਰੀ ਮਾਤਰਾ ਵਿੱਚ ਧਮਾਕਾਖੇਜ਼ ਸਮੱਗਰੀ ਤੇ ਅਸਲਾ ਬਰਾਮਦ

On: 2 June, 2017

*ਪਿਓ ਗ੍ਰਿਫਤਾਰ ਪੁੱਤਰ ਵੱਲੋਂ ਖੁਦਕਸ਼ੀ
    ਪਟਿਆਲਾ, ੧ ਜੂਨ (ਧਰਮਵੀਰ ਨਾਗਪਾਲ) ਪਟਿਆਲਾ ਪੁਲਿਸ ਨੇ ਇੱਕ ਸਰਚ ਅਪਰੇਸ਼ਨ ਦੌਰਾਨ ਧਮਾਕਾ ਖੇਜ ਸਮੱਗਰੀ ਤੇ ਨਜਾਇਜ਼ ਅਸਲੇ ਸਮੇਤ ਹਰਪ੍ਰੀਤ ਸਿੰਘ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਜਦ ਕਿ ਉਸ ਦੇ ਪੁੱਤਰ ਰਜਤਵੀਰ ਸਿੰਘ ਨੇ ਕਾਨੂੰਨੀ ਕਾਰਵਾਈ ਦੇ ਡਰੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
     ਇਸ ਮਾਮਲੇ ਬਾਰੇ ਡੀ.ਆਈ.ਜੀ.ਪਟਿਆਲਾ ਰੇਂਜ ਡਾ:ਸੁਖਚੈਨ ਸਿੰਘ ਗਿੱਲ ਨੇ ਪਟਿਆਲਾ ਦੇ ਐਸ.ਐਸ. ਪੀ. ਡਾ: ਐਸ. ਭੂਪਤੀ ਨਾਲ ਕੀਤੇ ਇੱਕ ਸਾਂਝੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਪੁਲਿਸ ਨੂੰ ਉਸ ਸਮੇ ਭਾਰੀ ਸਫਲਤਾ ਮਿਲੀ ਜਦ ਇੰਸਪੈਕਟਰ ਦਲਜੀਤ ਸਿੰਘ ਵਿਰਕ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਦੀ ਹਦਾਇਤ ਅਨੁਸਾਰ ਅੱਜ ਮਿਤੀ ੦੧-੦੬-੨੦੧੭ ਨੂੰ ਐਸ.ਆਈ.ਗੁਰਮੀਤ ਸਿੰਘ ਸੀ.ਆਈ.ਏ ਸਟਾਫ ਪਟਿਆਲਾ ਆਪਣੀ ਪੁਲਿਸ ਪਾਰਟੀ ਸਮੇਤ ਟੀ ਪੁਆਇੰਟ ਸ਼ੇਖਪੁਰਾ ਪਟਿਆਲਾ ਰਾਜਪੁਰਾ ਰੋਡ ਵਿਖੇ ਮੌਜੂਦ ਸੀ। ਜਿਸ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਹਰਪ੍ਰੀਤ ਸਿੰਘ ਪੁੱਤਰ ਬਖਸ਼ੀਸ਼ ਸਿੰਘ ਅਤੇ ਰਜਤਵੀਰ ਸਿੰਘ ਪੁੱਤਰ ਹਰਪ੍ਰੀਤ ਸਿੰਘ ਵਾਸੀ ਮਕਾਨ ਨੰ: ੦੪ ਗਲੀ ਨੰ: ੧੪ ਦਰਸ਼ਨ ਨਗਰ ਪਟਿਆਲਾ ਨੇ ਆਪਣੇ ਪਾਸ ਧਮਾਕਾ ਖੇਜ਼ ਸਮੱਗਰੀ ਅਤੇ ਦੇਸੀ ਬੰਬ ਬਣਾ ਕੇ ਨਜਾਇਜ ਅਸਲਾ ਐਮੋਨੀਸ਼ਨ ਰੱਖੇ ਹੋਏ ਹਨ ਅਤੇ ਹਰਪ੍ਰੀਤ ਸਿੰਘ ਆਪਣੀ ਕਾਰ ਰਿਟਜ ਨੰਬਰ ਪੀ.ਬੀ.-੧੯.ਜੇ-੦੧੪੧ ਅਤੇ ਰਜਤਵੀਰ ਸਿੰਘ ਆਪਣੀ ਗੱਡੀ ਸਕਾਰਪਿਉ ਨੰਬਰੀ ਪੀ.ਬੀ.-੧੧ਸੀਈ-੦੯੭੯ ਪਰ ਧਮਾਕਾ ਖੇਜ਼ ਸਮੱਗਰੀ ਅਤੇ ਨਜਾਇਜ ਅਸਲਾ ਲੈ ਕੇ ਰਾਜਪੁਰਾ ਸਾਇਡ ਨੂੰ ਜਾ ਰਹੇ ਹਨ।ਜੇਕਰ ਇਹਨਾਂ ਨੂੰ ਕਾਬੂ ਕੀਤਾ ਜਾਵੇ ਤਾ ਇਹਨਾਂ ਪਾਸੋ ਭਾਰੀ ਮਾਤਰਾ ਵਿੱਚ ਨਜਾਇਜ ਅਸਲਾ, ਐਮੋਨੀਸ਼ਨ ਅਤੇ ਧਮਾਕਾ ਖੇਜ਼ ਸਮੱਗਰੀ ਬ੍ਰਾਮਦ ਹੋ ਸਕਦੀ ਹੈ।ਜਿਸ ਸਬੰਧੀ ਮੁਕੱਦਮਾ ਨੰ: ੧੨੧ ਮਿਤੀ ੦੧.੦੬.੨੦੧੭ ਅ/ਧ ੨੫ ਆਰਮਜ ਐਕਟ ੩/੪ ਐਕਸਪਲੋਜਿਵ ਐਕਟ ਥਾਣਾ ਸਦਰ ਪਟਿਆਲਾਦਰਜ ਰਜਿਸਟਰ ਕੀਤਾ ਗਿਆ।ਡੀ.ਆਈ.ਜੀ. ਨੇ ਦੱਸਿਆ ਕਿ ਸ੍ਰੀ ਹਰਵਿੰਦਰ ਸਿੰਘ ਵਿਰਕ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਦੀ ਅਗਵਾਈ ਹੇਠ ਸੀ.ਆਈ.ਏ ਸਟਾਫ ਪਟਿਆਲਾ ਅਤੇ ਥਾਣਾ ਸਦਰ ਪਟਿਆਲਾ ਦੀ ਪੁਲਿਸ ਪਾਰਟੀ ਵੱਲੋ ਦੋਸ਼ੀਆਂ ਦੀ ਭਾਲ ਕਰਦੇ ਪਿੰਡ ਫਲੌਲੀ ਨੇੜਿਓ ਕਥਿਤ ਦੋਸ਼ੀ ਹਰਪ੍ਰੀਤ ਸਿੰਘ ਨੂੰ ਰਿਟਜ਼ ਕਾਰ ਸਮੇਤ ਕਾਬੂ ਕੀਤਾ ਅਤੇ ਕਾਰ ਵਿੱਚੋਂ ਕੁੱਕਰਨੁਮਾ ਧਮਾਕਾਖੇਜ਼ ਸਮੱਗਰੀ ਬਰਾਮਦ ਹੋਈ, ਜਦਕਿ ਉਸਦਾ ਲੜਕਾ ਰਜਤਵੀਰ ਸਿੰਘ ਮੌਕੇ ਤੋਂ ਆਪਣੀ ਗੱਡੀ ਸਕਾਰਪੀਓ ਸਮੇਤ ਫਰਾਰ ਹੋ ਗਿਆ।ਡੀ. ਆਈ. ਜੀ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਦੋਸ਼ੀਆਂ ਦੇ ਮਕਾਨ ਨੰ: ੦੪ ਗਲੀ ਨੰ: ੧੪ ਦਰਸ਼ਨ ਨਗਰ ਪਟਿਆਲਾ ਦੀ ਤਲਾਸ਼ੀ ਲਈ ਤਾਂ ਘਰ ਵਿੱਚੋ ਭਾਰੀ ਮਾਤਰਾ ਵਿੱਚ ਧਮਾਕਾ ਖੇਜ਼ ਸਮੱਗਰੀ ਮਿਲੀ। ਉਹਨਾਂ ਦੱਸਿਆ ਕਿ ਇਸ ਧਮਾਕਾਖੇਜ਼ ਸਮੱਗਰੀ ਦੇ ਨਿਰੀਖਣ ਲਈ ਐਫ.ਐਸ.ਐਲ. ਮੋਹਾਲੀ ਤੋ ਮਾਹਿਰਾਂ ਦੀ ਟੀਮ ਨੂੰ ਬੁਲਾਇਆ ਗਿਆ ਹੈ।

     ਡੀ.ਆਈ.ਜੀ. ਨੇ ਡਾ: ਗਿੱਲ ਨੇ ਅੱਗੇ ਹੋਰ ਦੱਸਿਆ ਕਿ ਇਸੇ ਦਰਮਿਆਨ ਕਿਰਨਜੀਤ ਕੌਰ ਜੋਕਿ ਹਰਪ੍ਰੀਤ ਸਿੰਘ ਦੀ ਪਤਨੀ ਹੈ ਅਤੇ ਰਜਤਵੀਰ ਸਿੰਘ ਦੀ ਮਾਂ ਹੈ, ਨੂੰ ਨਾਲ ਲੈ ਕੇ ਪੁਲਿਸ ਪਾਰਟੀ ਵੱਲੋਂ ਇਹਨਾਂ ਦੇ ਦੂਜੇ ਮਕਾਨ ਨੰ: ੫੦, ਗਲੀ ਨੰ: ੧੪ ਈ ਦਰਸ਼ਨ ਕਾਲੋਨੀ ਵਿਖੇ ਰੇਡ ਕਰਕੇ ਤਲਾਸ਼ੀ ਲਈ  ਗਈ। ਜਿਥੇ ਮਕਾਨ ਦੇ ਉਪਰਲੇ ਕਮਰੇ ਵਿੱਚ ਇੱਕ ਨੌਜਵਾਨ ਦੀ ਲਾਸ਼ ਪਈ ਸੀ ਅਤੇ ਨੇੜੇ ਹੀ ਇੱਕ ਦੇਸੀ ੧੨ ਬੋਰ ਦਾ ਕੱਟਾ ਵੀ ਪਿਆ ਸੀ। ਕਿਰਨਜੀਤ ਕੌਰ ਉਕਤ ਨੇ ਮਰਨ ਵਾਲੇ ਦੀ ਸ਼ਨਾਖਤ ਆਪਣੇ ਲੜਕੇ ਰਜਤਵੀਰ ਸਿੰਘ ਵਜੋਂ ਕੀਤੀ। ਡੀ.ਆਈ.ਜੀ. ਨੇ ਪੱਤਰਕਾਰਾਂ ਨੂੰ ਦੱਸਿਆ ਕਿ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ  ਹੈ ਕਿ ਦੋਸ਼ੀ ਰਜਤਵੀਰ ਸਿੰਘ ਨੇ ਕਾਨੂੰਨੀ ਕਾਰਵਾਈ ਦੇ ਡਰ ਕਾਰਨ ਖੁੱਦ ਨੂੰ ਗੋਲੀ ਮਾਰ ਕੇ ਖੁੱਦਕਸ਼ੀ ਕਰ ਲਈ ਹੈ। ਡੀ.ਆਈ.ਜੀ. ਨੇ ਦੱਸਿਆ ਕਿ ਖੁਦਕਸ਼ੀ ਕਰਨ ਵਾਲਾ ਨੌਜਵਾਨ ਰਜਤਵੀਰ ਸਿੰਘ ਬੀ.ਟੈਕ ਪਾਸ ਸੀ।
     ਹੁਣ ਤੱਕ ਇਸ ਮੁਕੱਦਮੇ ਵਿੱਚ ਪ੍ਰੈਸ਼ਰ ਕੁੱਕਰ ਬੰਬ, ਕੁਝ ਪਾਈਪ ਬੰਬ ਅਤੇ ਪਾਈਪ ਬੰਬ ਬਣਾਉਣ ਵਾਲੀ ਕੁੱਝ ਧਮਾਕਾਖੇਜ਼ ਸਮੱਗਰੀ, ਦੇਸੀ ਕੱਟਾ ੧੨ ਬੋਰ, ੩੨ ਬੋਰ ਪਿਸਟਲ, ੧੨ ਬੋਰ ਬੰਦੂਕ ਕੰਟਰੀਮੇਡ, ਦੋ ੧੨ ਬੋਰ ਬੰਦੂਕਾਂ ਛੋਟੀ ਬੈਰੇਲ ਵਾਲੀ ਅਤੇ ਭਾਰੀ ਮਾਤਰਾ ਵਿੱਚ ਜਿੰਦਾ ੧੨ ਬੋਰ ਅਤੇ ੩੧੫ ਬੋਰ ਕਾਰਤੂਸ ਸਮੇਤ ਕੁੱਝ ਖੋਲ ਕਾਰਤੂਸ ਅਤੇ ਬਾਈਨੌਕੂਲਰ ਆਦਿ ਬਰਾਮਦ ਹੋਏ ਹਨ ਜੋ ਤਫਤੀਸ਼ ਦੌਰਾਨ ਦੋਸ਼ੀਆਂ ਦਾ ਇਸ ਤਰਾਂ ਇੰਨਾਂ ਜ਼ਿਆਦਾ ਧਮਾਕਾਖੇਜ਼ ਸਮੱਗਰੀ ਰੱਖਣ ਦਾ ਮੰਤਵ ਅਤੇ ਇਸਦੇ ਸਾਧਨਾਂ ਬਾਰੇ ਪੁੱਛਗਿੱਛ ਚੱਲ ਰਹੀ ਹੈ।ਪੱਤਰਕਾਰ ਸੰਮੇਲਨ ਦੌਰਾਨ ਡੀ.ਆਈ.ਜੀ.ਡਾ:ਗਿੱਲ ਦੇ ਨਾਲ ਐਸ.ਐਸ.ਪੀ. ਪਟਿਆਲਾ ਡਾ: ਐਸ. ਭੂਪਤੀ, ਐਸ.ਪੀ. ਇੰਨਵੈਸ਼ਟੀਗੇਸ਼ਨ ਸ: ਹਰਵਿੰਦਰ ਸਿੰਘ ਵਿਰਕ ਅਤੇ ਇੰਸਪੈਕਟਰ ਸ: ਪੁਨੀਤ ਸਿੰਘ ਚਾਹਲ ਵੀ ਹਾਜ਼ਰ ਸਨ।

Section: