ਨੌਜਵਾਨ ਭਾਰਤ ਸਭਾ ਦੀ ਅਗਵਾਈ ਹੇਠ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਦਾ ਪੁਤਲਾ ਸਾੜਿਆ ਗਿਆ

On: 10 June, 2017

ਮਾਲੇਰਕੋਟਲਾ , ੯ ਜੂਨ (ਪਟ) ਅੱਜ ਸਥਾਨਕ ਬੱਸ ਸਟੈਂਡ ਵਿਖੇ ਨੌਜਵਾਨ ਭਾਰਤ ਸਭਾ  ਦੀ ਅਗਵਾਈ ਹੇਠ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਦਾ ਪੁਤਲਾ ਸਾੜਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੌਜਵਾਨ ਭਾਰਤ ਸਭਾ ਦੇ ਸੂਬਾਈ ਆਗੂ ਰੁਪਿੰਦਰ ਚੌਂਦਾ ਨੇ ਦੱਸਿਆ ਕਿ ਮੱਧ ਪ੍ਰਦੇਸ਼ ਅੰਦਰ ਆਪਣੀਆਂ ਹੱਕੀ ਲਈ ਰੋਸ ਮੁਜਾਹਰਾ ਕਰਦੇ ਕਿਸਾਨਾ 'ਤੇ ਸਰਕਾਰ ਤੋਂ ਕਥਿਤ ਤੌਰ 'ਤੇ ਸਹਿ ਪ੍ਰਾਪਤ ਪੁਲਿਸ ਨੇ ਅੰਨੇਵਾਹ ਗੋਲੀ ਚਲਾਈ ਜਿਸ ਵਿਚ ੫ ਕਿਸਾਨਾ ਦੀ ਮੌਤ ਹੋ ਗਈ ਅਤੇ ਸੈਂਕੜਿਆਂ ਦੀ ਗਿਣਤੀ ਵਿਚ ਕਿਸਾਨ ਬੁਰੀ ਤਰਾਂ ਜਖਮੀ ਹੋ ਗਏ ਜਿਸ ਦੇ ਰੋਸ ਵੱਜੋਂ ਅੱਜ ਮਾਲੇਰਕੋਟਲਾ ਵਿਖੇ ਕੇਂਦਰ ਅਤੇ ਮੱਧ ਪ੍ਰਦੇਸ ਸਰਕਾਰ ਦਾ ਪੁਤਲਾ ਸਾੜ ਕੇ ਰੋਸ਼ ਵਿਖਾਵਾ ਕੀਤਾ ਗਿਆ। ਉਨਾਂ ਅੱਗੇ ਕਿਹਾ ਕਿ ਅੱਜ ਦੇਸ਼ ਖੇਤੀ ਸੰਕਟ ਕਾਰਨ ਆਏ ਦਿਨ ਕਿਸਾਨ ਖੁਦਕਸੀਆਂ ਕਰਨ ਲਈ ਮਜਬੂਰ ਹਨ ਪਰ ਕੋਈ ਵੀ ਸਿਆਸੀ ਪਾਰਟੀ ਕਿਸਾਨਾ ਦੀਆਂ ਜਾਇਜ ਮੰਗਾਂ ਵੱਲ ਖਾਸ ਧਿਆਨ ਨਹੀਂ ਦੇ ਰਹੀ ਬਲਕਿ ਚੋਣਾਂ ਦੌਰਾਨ ਵੱਖ ਵੱਖ ਤਰਾਂ ਦੇ ਸਬਜ ਬਾਗ ਦਿਖਾ ਕੇ ਉਨਾਂ ਨੂੰ ਆਪਣੇ ਹੱਕ ਵਿਚ ਭੁਗਤਾਉਣ ਤੱਕ ਹੀ ਸੀਮਤ ਰਹਿ ਗਈਆਂ ਹਨ।ਉਨਾਂ ਅੱਗੇ ਦੱਸਿਆ ਕਿ ਕਿਸਾਨਾ ਦੇ ਕਰਜਾ ਮਾਫੀ,ਫਸਲਾ ਦੇ ਵਾਜਿਬ ਮੁੱਲ ਆਦਿ ਸਮੇਤ ਹੋਰ ਚੁਣਾਵੀਂ ਲਾਰਿਆਂ ਰਾਹੀਂ ਮੱਧ ਪ੍ਰਦੇਸ ਵਿਚ ਭਾਜਪਾ ਅਤੇ ਪੰਜਾਬ ਵਿਚ ਕਾਂਗਰਸ ਪਾਰਟੀਆਂ ਆਪਣੀਆਂ ਸਰਕਾਰਾਂ ਬਣਾਉਣ ਵਿਚ ਸਫਲ ਰਹੀਆਂ ਹਨ ਪ੍ਰੰਤੂ ਦੇਸ਼ ਦਾ ਅੰਨ ਦਾਤਾ ਕਹਾਉਣ ਵਾਲਾ ਜਹਿਰ ਦਾ ਪਿਆਲਾ ਪੀਣ ਲਈ ਮਜਬੂਰ ਹੈ ਜਿਸ ਵੱਲ ਕੋਈ ਵੀ ਸਰਕਾਰ ਧਿਆਨ ਨਹੀਂ ਦੇ ਰਹੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਸਾਨ ਮੋਰਾ ਸੰਗਰੂਰ ਦੇ ਆਗੂ ਪਰਦੀਪ ਸਿੰਘ ਹਥੋਆ,ਨੌਜਵਾਨ ਭਾਰਤ ਸਭਾ ਦੇ ਆਗੂ ਜਗਦੇਵ ਸਿੰਘ,ਨਵਦੀਪ ਸਿੰਘ,ਹਰਦੀਪ ਸਿੰਘ,ਜਸਵਿੰਦਰ ਸਿੰਘ,ਜਗਸੀਰ ਸਿੰਘ,ਸੰਦੀਪ ਸਿੰਘ,ਜਮੀਨ ਪ੍ਰਾਪਤੀ ਸੰਘਰਸ ਕਮੇਟੀ ਆਗੂ ਸੁਖਵਿੰਦਰ ਸਿੰਘ ਨੇ ਕੇਂਦਰੀ ਅਤੇ ਸੂਬਾ ਸਰਕਾਰਾਂ ਨੂੰ ਅਪੀਲ ਕੀਤੀ ਕਿ ਕਿਸਾਨੀ ਸੰਕਟ ਨੂੰ ਦੇਖਦੇ ਹੋਏ ਛੋਟੇ ਕਿਸਾਨਾ ਦਾ ਕਰਜਾ ਮਾਫ ਕੀਤਾ ਜਾਵੇ ਸਾਮਰਾਜੀ ਖੇਤੀ ਮਾਡਲ ਨੂੰ ਰੱਦ ਕਰ ਸਹਿਕਾਰੀ ਖੇਤੀ ਮਾਡਲ ਨੂੰ ਉਤਸਾਹਿਤ ਕੀਤਾ ਜਾਵੇ।