ਰਮਜ਼ਾਨ-ਉਲ-ਮੁਬਾਰਕ ਦੇ ਤੀਜੇ ਜੁਮਾ ਤੁਲ ਮੁਬਾਰਕ ਦੀ ਨਮਾਜ਼ ਕੀਤੀ ਗਈ ਅਦਾ

On: 17 June, 2017

 ਮਾਲੇਰਕੋਟਲਾ ੧੬ ਜੂਨ (ਪਟ) ਅੱਜ ਰਮਜ਼ਾਨ ਉਲ-ਮੁਬਾਰਕ ਮਹੀਨੇ ਦੇ ਤੀਜੇ ਜੁਮਾ-ਤੁਲ-ਮੁਬਾਰਕ ਦੀ ਨਮਾਜ਼ ਪੰਜਾਬ ਦੀ ਇਤਿਹਾਸਕ ਜਾਮਾ ਮਸਜਿਦ ਮਾਲੇਰਕੋਟਲਾ ਤੋਂ ਤਬਲੀਗੀ ਮਰਕਜ, ਮਸਜਿਦ ਭੁਮੱਸੀ, ਨੂਰਾਨੀ ਮਸਜਿਦ ੭੮੬ ਚੋਂਕ, ਮਸਜਿਦ ਬੰਗਲੇ ਵਾਲੀ, ਮਸਜਿਦ ਮੁਹੰਮਦੀ ਬਸ ਸਟੈਂਡ, ਮਸਜਿਦ ਚੋਰਮਾਰਾਂ, ਮਸਜਿਦ ਅਕਸ਼ਾ, ਮਸਜਿਦ ਹੁਜੈਫਾ, ਸ਼ਾਹੀ ਮਸਜਿਦ ਕਿਲ੍ਹਾ, ਮਸਜਿਦ ਕਮੇ ਸ਼ਾਹ, ਵੱਡੀ ਮਸਜਿਦ ਜਮਾਲਪੁਰਾ, ਮਸਜਿਦ ਹਮਜਾ, ਮਸਜਿਦ ਸਰਹੰਦੀ ਗੇਟ, ਜਾਮਾ ਮਸਜਿਦ ਕਿਲ੍ਹਾ ਰਹਿਮਤਗੜ੍ਹ, ਰਹਿਮਾਨੀ ਮਸਜਿਦ ਆਈ.ਟੀ.ਆਈ ਚੋਂਕ, ਹਜ਼ਰਤ-ਏ-ਬਿਲਾਲ ਮਸਜਿਦ ਗਰੇਵਾਲ ਚੋਂਕ, ਰਹਿਮਤ ਮਸਜਿਦ ਮਦੀਨਾ ਬਸਤੀ, ਮਸਜਿਦ-ਏ-ਅਬੂ ਬਕਰ, ਮਿਨਾ ਮਸਜਿਦ ਨੇੜੇ ਸਬਜੀ ਮੰਡੀ, ਜੱਨਤ ਮਸਜਿਦ ਨੋਸ਼ਹਿਰਾ ਤੇ ਸ਼ਹਿਰ ਦੀਆਂ ਅਨੇਕਾਂ ਮਸਜਿਦਾਂ 'ਚ ਅਦਾ ਕੀਤੀ ਗਈ। ਸ਼ਹਿਰ 'ਚ ਅੱਜ ਰਮਜ਼ਾਨ-ਉਲ- ਮੁਬਾਰਕ ਦੇ ਤੀਜੇ ਜੁਮਾ-ਤੁਲ-ਮੁਬਾਰਕ ਦੀ ਨਮਾਜ ਦੇ ਸਮੇਂ ਮੁਸਲਮਾਨਾਂ ਨੇ ਆਪਣੇ ਕਾਰੋਬਾਰ ਬੰਦ ਕਰਕੇ ਜੁਮੇ ਦੀ ਨਮਾਜ 'ਚ ਸ਼ਿਰਕਤ ਕੀਤੀ। ਪੰਜਾਬ ਦੀ ਇਤਿਹਾਸਕ ਜਾਮਾ ਮਸਜਿਦ ਮਾਲੇਰਕੋਟਲਾ 'ਚ ਜੁਮੇ ਦੀ ਨਮਾਜ਼ ਤੋਂ ਪਹਿਲਾਂ ਹਜ਼ਰਤ ਮੋਲਾਨਾ ਮੁਫਤੀ ਇਰਤਕਾ-ਉਲ-ਹਸਨ ਕਾਂਧਲਵੀ ਮੁਫਤੀ-ਏ-ਆਜ਼ਮ ਪੰਜਾਬ ਨੇ ਮੁਸਲਮਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਮਹੀਨੇ ਦੀ ਇੱਕ-ਇੱਕ ਮਿੰਟ ਦੀ ਰੱਬ ਕੋਲ ਬਹੁਤ ਕੀਮਤ ਹੈ। ਇਸ ਲਈ ਹਰ ਮੁਸਲਮਾਨ ਨੂੰ ਇਸ ਦੀ ਕਦਰ ਕਰਨੀ ਚਾਹੀਦੀ ਹੈ। ਬਲਕਿ ਰਮਜ਼ਾਨ ਮਹੀਨੇ ਦੀਆਂ ਆਖਰੀ ਟਾਂਕ ਰਾਤਾਂ ੨੧, ੨੩, ੨੫, ੨੭, ੨੯ ਦੀ ਰਾਤ ਨੂੰ ਇਸਲਾਮ ਵਿੱਚ "ਸ਼ਬ- ਏ- ਕਦਰ" ਦੀ ਰਾਤ ਨਾਲ ਯਾਦ ਕੀਤਾ ਜਾਂਦਾ ਹੈ। ਇਨ੍ਹਾਂ ਰਾਤਾਂ ਬਾਰੇ ਹਜ਼ਰਤ ਮੁਹੰਮਦ (ਸ) ਨੇ ਕਿਹਾ ਹੈ ਕਿ ਜੇਕਰ ਕਿਸੇ ਮਨੁੱਖ ਨੂੰ ਇਹ ਰਾਤ ਦੀ ਇਬਾਦਤ ਨਸੀਬ ਹੋ ਜਾਵੇ ਤਾਂ ਕਈ ਹਜ਼ਾਰ ਮਹੀਨੇ ਦੀ ਨਫਲੀ ਇਬਾਦਤ ਤੋਂ ਬਹਿਤਰ ਹੈ, ਇਸੇ ਰਾਤ ਨੂੰ ਪਾਉਣ ਲਈ ਮੁਸਲਮਾਨਾਂ ਵੱਲੋਂ ਹਰ ਮੁਹੱਲੇ ਦੀ ਮਸਜ਼ਿਦ ਵਿੱਚ ੧੦ ਦਿਨਾਂ ਦਾ ਇਤਕਾਫ ਭਾਵ ਕਿ ਮਸਜਿਦਾਂ ਵਿੱਚ ਦਿਨ-ਰਾਤ ਰਹਿਕੇ ਵਿਸ਼ੇਸ਼ ਇਬਾਦਤ ਕੀਤੀ ਜਾਂਦੀ ਹੈ, ਉਨ੍ਹਾਂ ਕਿਹਾ ਕਿ ਜੇਕਰ ਕਿਸੇ ਮਸਜਿਦ ਵਿੱਚ ਕੋਈ ਵੀ ਮੁਸਲਮਾਨ ਇਸ ਲਈ ਨਹੀਂ ਠਹਿਰਦਾ ਤਾਂ ਸਾਰੀ ਬਸਤੀ ਇਸ ਲਈ ਗੁਨਹਾਗਾਰ ਹੋਵੇਗੀ। ਇਸ ਤੋਂ ਬਾਅਦ ਮੁਫਤੀ ਸਾਹਿਬ ਨੇ ਜੁਮਾ-ਤੁਲ-ਮੁਬਾਰਕ ਦੀ ਨਮਾਜ਼ ਅਦਾ ਕਰਵਾਈ।