ਵਿਜੀਲੈਂਸ ਵਲੋਂ ਏ.ਐਸ.ਆਈ ਅਤੇ ਕਲਰਕ ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ

On: 2 June, 2017

ਚੰਡੀਗਡ੍ਹ,੨ ਜੂਨ: (ਧਰਮਵੀਰ ਨਾਗਪਾਲ) ਪੰਜਾਬ ਵਿਜੀਲੈਂਸ ਬਿਓਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਥਾਣਾ ਨਾਭਾ ਕੋਤਵਾਲੀ ਵਿਖੇ ਤਾਇਨਾਤ ਏ.ਐਸ.ਆਈ ਸ਼ਿਵਦੇਵ ਸਿੰਘ ਅਤੇ ਨਗਰ ਸੁਧਾਰ ਟਰੱਸਟ ਅਬੋਹਰ ਵਿਖੇ ਤਾਇਨਾਤ ਕਲਰਕ ਰਾਧੇ ਸ਼ਾਮ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ।

     ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਥਾਣਾ ਨਾਭਾ ਕੋਤਵਾਲੀ ਵਿਖੇ ਤਾਇਨਾਤ ਸ਼ਿਵਦੇਵ ਸਿੰਘ ਨੂੰ ਸੰਦੀਪ ਕੁਮਾਰ ਵਾਸੀ ਜੂਝਾਰ ਨਗਰ, ਮੋਹਾਲੀ ਦੀ ਸ਼ਿਕਾਇਤ 'ਤੇ ਵਿਜੀਲੈਂਸ ਬਿਓਰੋ ਵਲੋਂ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ। ਸੰਦੀਪ ਕੁਮਾਰ ਨੇ ਵਿਜੀਲੈਂਸ ਬਿਓਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਸ ਦੀ ਕਾਰ ਨੂੰ ਛਡਵਾਉਣ ਦੀ ਸਪੁਰਦਾਰੀ ਦੇ ਇਵਜ਼ ਵਿਚ ਏ.ਐਸ.ਆਈ ਸ਼ਿਵਦੇਵ ਸਿੰਘ ਵਲੋਂ ੫੦੦੦ ਰੁਪਏ ਦੀ ਮੰਗ ਕੀਤੀ ਗਈ ਹੈ।
     ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਏ.ਐਂਆਈ ਸ਼ਿਵਦੇਵ ਸਿੰਘ ਨੂੰ ੫੦੦੦ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕਰ ਲਿਆ ਗਿਆ ।

      ਇਸੇ ਤਰ੍ਹਾਂ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਨਗਰ ਸੁਧਾਰ ਟਰੱਸਟ ਅਬੋਹਰ ਵਿਖੇ ਤਾਇਨਾਤ ਰਾਧੇ ਸ਼ਾਮ ਕਲਰਕ ਨੂੰ ਸੰਦੀਪ ਸਿੰਘ ਦੀ ਸ਼ਿਕਾਇਤ 'ਤੇ ਵਿਜੀਲੈਂਸ ਬਿਓਰੋ ਵਲੋਂ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ।

         ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਸੰਦੀਪ ਸਿੰਘ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਨਗਰ ਸੁਧਾਰ ਟਰੱਸਟ ਦੀ ਦੁਕਾਨ ਜੋ ਕਿ ਪੱਪੂ ਰਾਮ ਦੇ ਨਾਮ 'ਤੇ ਅਲਾਟ ਹੋਈ ਸੀ ਅਤੇ ਪੱਪੂ ਰਾਮ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਅਨੀਤਾ ਰਾਣੀ ਦੇ ਨਾਮ 'ਤੇ ਦੁਕਾਨ ਦੀ ਰਜਿਸ਼ਟਰੀ ਕਰਾਉਣ ਦੇ ਇਵਜ ਵਿਚ ਨਗਰ ਸੁਧਾਰ ਟਰੱਸਟ ਅਬੋਹਰ ਵਿਖੇ ਤਾਇਨਾਤ ਕਲਰਕ ਵਲੋਂ ੩੦੦੦ ਰੁਪਏ ਦੀ ਮੰਗ ਕੀਤੀ ਗਈ ਸੀ। ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਕਲਰਕ ਰਾਧੇ ਸ਼ਾਮ ਨੂੰ ੩੦੦੦ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕਰ ਲਿਆ ਗਿਆ ਅਤੇ ਭ੍ਰਿਸ਼ਟਾਚਾਰ  ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

Section: