ਗੱਤਕਾ ਸਵੈ-ਰੱਖਿਆ ਦੀ ਖੇਡ ਹੋਣ ਦੇ ਨਾਲ-ਨਾਲ ਜੀਵਨ ਜਾਚ ਲਈ ਚੰਗੇ ਗੁਣ ਪੈਦਾ ਕਰਦੀ ਹੈ-ਸਾਧੂ ਸਿੰਘ ਧਰਮਸੋਤ

On: 26 June, 2017

ਵਿਰਸੇ ਨਾਲ ਜੋੜਨ ਲਈ ਗੱਤਕਾ ਖੇਡ ਦੀ ਵੱਡੀ ਅਹਿਮੀਅਤ-ਆਈ.ਜੀ. ਰਾਏ

ਨਾਭਾ 25 ਜੂਨ  - ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਰਾਜ ਵਿਚ ਖੇਡਾਂ ਦਾ ਪੱਧਰ ਉਚਾ ਚੁੱਕਣ ਲਈ ਹਰ ਸੰਭਵ ਯਤਨ ਕਰੇਗੀ ਅਤੇ ਪੰਜਾਬ ਦੀ ਵਿਰਾਸਤੀ ਖੇਡ ਗੱਤਕੇ ਨੂੰ ਵੀ ਪ੍ਰਫੁੱਲਤ ਕੀਤਾ ਜਾਵੇਗਾ।

ਅੱਜ ਇਥੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਵਲੋਂ ਗੱਤਕਾ ਐਸੋਸੀਏਸ਼ਨ ਪੰਜਾਬ ਦੇ ਸਹਿਯੋਗ ਨਾਲ ਲਗਾਏ ਤਿੰਨ ਰੋਜਾ ਕੈਂਪ ਦੀ ਸਮਾਪਤੀ ਮੌਕੇ ਇਹ ਪ੍ਰਗਟਾਵਾ ਕਰਦਿਆਂ ਸ. ਧਰਮਸੋਤ ਨੇ ਕਿਹਾ ਕਿ ਗੱਤਕਾ ਪੁਰਾਤਨ ਵਿਰਸੇ ਦੀ ਮਾਣਮੱਤੀ ਜੰਗਜੂ ਕਲਾ ਹੈ ਅਤੇ ਇਹ ਸਵੈ-ਰੱਖਿਆ ਦੀ ਖੇਡ ਹੋਣ ਦੇ ਨਾਲ-ਨਾਲ ਬੱਚਿਆਂ ਅੰਦਰ ਜੀਵਨ ਜਾਚ ਲਈ ਚੰਗੇ ਗੁਣ ਵੀ ਪੈਦਾ ਕਰਦੀ ਹੈ। ਉਨ੍ਹਾਂ ਇਸ ਖੇਡ ਦੀ ਮਹੱਤਤਾ ਅਤੇ ਪੁਰਾਤਨ ਵਿਰਾਸਤ 'ਤੇ ਝਾਤ ਪਾਉਂਦਿਆਂ ਕਿਹਾ ਕਿ ਪੰਜਾਬ ਦੀਆਂ ਵਿਰਾਸਤੀ ਖੇਡਾਂ ਵਿਚ ਗੱਤਕੇ ਦਾ ਅਹਿਮ ਸਥਾਨ ਹੈ ਅਤੇ ਇਸ ਖੇਡ ਦੀ ਦੇਸ਼-ਵਿਦੇਸ਼ ਵਿਚ ਪ੍ਰਫੁੱਲਤਾ ਲਈ ਨੈਸ਼ਨਲ ਗੱਤਕਾ ਐਸੋਸੀਏਸ਼ਨ ਅਤੇ ਇੰਟਰਨੈਸ਼ਨਲ ਸਿੰਘ ਮਾਰਸ਼ਲ ਆਰਟ ਅਕੈਡਮੀ (ਇਸਮਾ) ਵਲੋਂ ਪਾਇਆ ਜਾ ਰਿਹਾ ਯੋਗਦਾਨ ਸ਼ਲਾਘਾ ਯੋਗ ਹੈ ਅਤੇ ਬੱਚਿਆਂ ਨੂੰ ਵਿਰਾਸਤ ਨਾਲ ਜੋੜਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਇਸ ਖੇਡ ਦੀ ਵੱਡੀ ਸਾਰਥਿਕਤਾ ਹੈ।

ਆਪਣੇ ਸੰਬੋਧਨ ਵਿਚ ਆਈ.ਜੀ. ਪਟਿਆਲਾ ਜੋਨ ਸ. ਏ.ਐਸ. ਰਾਏ ਨੇ ਗੱਤਕੇ ਦੀ ਮੌਜੂਦਾ ਸੰਦਰਭ ਵਿਚ ਮਹੱਤਤਾ ਅਤੇ ਗੱਤਕੇ ਦੇ ਇਤਿਹਾਸ ਬਾਰੇ ਆਪਣੇ ਵਿਚਾਰ ਰੱਖੇ ਅਤੇ ਕਿਹਾ ਕਿ ਬੱਚਿਆਂ ਨੂੰ ਅਮੀਰ ਸੱਭਿਆ ਚਾਰ, ਵਿਰਸੇ ਤੇ ਕਦਰਾਂ-ਕੀਮਤਾਂ ਨਾਲ ਜੋੜਨ ਲਈ ਇਸ ਵਿਰਾਸਤੀ ਖੇਡ ਦੀ ਵੱਡੀ ਅਹਿਮੀਅਤ ਹੈ ਅਤੇ ਨਾਲ ਹੀ ਇਹ ਖੇਡ ਸਰੀਰ ਨੂੰ ਜਿਸਮਾਨੀ ਤੌਰ 'ਤੇ ਤਾਕਤ ਬਖਸ਼ਦੀ ਹੈ। ਉਨ੍ਹਾਂ ਗੱਤਕੇ ਦੀ ਪ੍ਰਫੁੱਲਤਾ ਲਈ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਇਹ ਖੇਡ ਦੇਸ਼-ਵਿਦੇਸ਼ ਵਿਚ ਮਾਨਤਾਪ੍ਰਾਪਤ ਖੇਡ ਵਜੋਂ ਆਪਣਾ ਨਾਮ ਰੌਸ਼ਨ ਕਰੇਗੀ। ਸ. ਰਾਏ ਨੇ ਇਸਮਾ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਨੂੰ ਭਵਿੱਖ ਵਿਚ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਵੀ ਦਿੱਤਾ।

ਇਸ ਮੌਕੇ ਬੋਲਦਿਆਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਨੇ ਗੱਤਕਾ ਖੇਡ ਨੂੰ ਮਾਨਤਾ ਦਿਵਾਉਣ, ਗ੍ਰੇਡੇਸ਼ਨ ਹੋਣ, ਕੌਮੀ ਸੂਕਲ ਖੇਡਾਂ ਅਤੇ ਨੈਸ਼ਨਲ ਯੂਨੀਵਰਸਿਟੀ ਖੇਡਾਂ ਵਿਚ ਸ਼ਾਮਲ ਕਰਵਾਉਣ ਲਈ ਕੀਤੇ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਗੱਤਕੇ ਦੀ ਪ੍ਰਫੁੱਲਤਾ ਲਈ ਅਜਿਹੇ ਕੌਮੀ ਪੱਧਰ ਦੇ ਗੱਤਕਾ ਰਿਫਰੈਸ਼ਰ ਕੋਰਸ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਵੀ ਲਗਾਏ ਜਾਣਗੇ ਤਾਂ ਜੋ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਪ੍ਰਕਾਸ਼ਿਤ ਗੱਤਕੇ ਦੀ ਨਵੀਂ ਨਿਯਮਾਂਵਲੀ (ਰੂਲਜ਼ ਬੁੱਕ) ਵਿਚ ਹੋਈਆਂ ਤਬਦੀਲੀਆਂ ਬਾਰੇ ਰੈਫਰੀਆਂ ਤੇ ਖਿਡਾਰੀਆਂ ਨੂੰ ਜਾਣੂੰ ਕਰਵਾਇਆ ਜਾ ਸਕੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀ.ਐਸ.ਪੀ. ਨਾਭਾ ਚੰਦ ਸਿੰਘ, ਗੱਤਕਾ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ, ਹਰਿਆਣਾ ਗੱਤਕਾ ਐਸੋਸੀਏਸ਼ਨ ਦੇ ਸਕੱਤਰ ਸੁਖਚੈਨ ਸਿੰਘ ਕਲਸਾਣੀ, ਗੱਤਕਾ ਐਸੋਸੀਏਸ਼ਨ ਪੰਜਾਬ ਦੇ ਸੰਯੁਕਤ ਸਕੱਤਰ ਗੁਰਮੀਤ ਸਿੰਘ, ਇਸਮਾ ਦੇ ਵਿੱਤ ਸਕੱਤਰ ਬਲਜੀਤ ਸਿੰਘ ਸੈਣੀ, ਜ਼ਿਲਾ ਫਿਰੋਜ਼ਪੁਰ ਦੇ ਕੋਆਰਡੀਨੇਟਰ ਤਲਵਿੰਦਰ ਸਿੰਘ, ਤਰਨਤਾਰਨ ਜ਼ਿਲੇ ਦੇ ਕੋਆਰਡੀਨੇਟਰ ਹਰਜਿੰਦਰ ਸਿੰਘ, ਮੋਹਾਲੀ ਜ਼ਿਲੇ ਦੇ ਕੋਆਰਡੀਨੇਟਰ ਯੋਗਰਾਜ ਸਿੰਘ, ਬਠਿੰਡਾ ਜ਼ਿਲ੍ਹੇ ਦੇ ਕੋਆਰਡੀਨੇਟਰ ਹਰਜੀਤ ਸਿੰਘ ਗਿੱਲ, ਬਰਨਾਲਾ ਜਿਲੇ ਦੇ ਕੋਆਰਡੀਨੇਟਰ ਚਤਰ ਸਿੰਘ, ਕਪੂਰਥਲਾ ਜਿਲੇ ਦੇ ਕੋਆਰਡੀ ਨੇਟਰ ਚੰਨਜੀਵ ਸਿੰਘ, ਗੂਰੁਦੁਆਰਾ ਸੰਗਤਸਰ ਹੀਰਾ ਮਹਿਲ ਨਾਭਾ ਦੇ ਪ੍ਰਧਾਨ ਕਾਹਨ ਸਿੰਘ, ਮਹਿਲਾ ਕਾਂਗਰਸ ਬਲਾਕ ਨਾਭਾ ਦੀ ਪ੍ਰਧਾਨ ਸ਼੍ਰੀਮਤੀ ਅਰੀਨਾ ਬਾਂਸਲ, ਕਾਂਗਰਸੀ ਆਗੂ ਹੇਮੰਤ ਬਾਂਸਲ, ਬਲਾਕ ਗੱਤਕਾ ਐਸੋਸੀਏਸ਼ਨ ਦੇ ਮੁੱਖੀ ਸੁਰਜੀਤ ਸਿੰਘ, ਹਰਜਿੰਦਰਪਾਲ ਸਿੰਘ ਆਦਿ ਵੀ ਹਾਜਰ ਸਿੰਘ।

ਫੋਟੋ ਕੈਪਸ਼ਨ :

ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਆਈ.ਜੀ. ਪਟਿਆਲਾ ਏ.ਐਸ. ਰਾਏ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨਾਭਾ ਵਿਖੇ ਲਗਾਏ ਗੱਤਕਾ ਸਿਖਲਾਈ ਕੈਂਪ ਮੌਕੇ ਰੈਫਰੀਆਂ ਨੂੰ ਸਰਟੀਫਿਕੇਟ ਪ੍ਰਦਾਨ ਕਰਦੇ ਹੋਏ।