ਜ਼ਿਲਾ ਲੁਧਿਆਣਾ ਦੀਆਂ ਮੰਡੀਆਂ ਵਿੱਚ 9.36 ਲੱਖ ਮੀਟਰਕ ਟਨ ਕਣਕ ਦੀ ਖਰੀਦ ਦੀ ਸੰਭਾਵਨਾ

On: 21 March, 2017

*ਡਿਪਟੀ ਕਮਿਸ਼ਨਰ ਵੱਲੋਂ ਖਰੀਦ ਪ੍ਰਬੰਧਾਂ ਦਾ ਜਾਇਜ਼ਾ-ਪ੍ਰਬੰਧਾਂ 'ਤੇ ਤਸੱਲੀ ਪ੍ਰਗਟਾਈ
*ਸੁਚਾਰੂ ਖਰੀਦ ਪ੍ਰਬੰਧਾਂ ਵਿੱਚ ਕੋਈ ਕਮੀ ਨਾ ਰਹਿਣ ਦਿੱਤੀ ਜਾਵੇ-ਡਿਪਟੀ ਕਮਿਸ਼ਨਰ

ਲੁਧਿਆਣਾ 21 ਮਾਰਚ (ਸਤ ਪਾਲ ਸੋਨੀ)  ਸਾਲ 2017-18 ਦੌਰਾਨ ਜ਼ਿਲਾ ਲੁਧਿਆਣਾ ਦੀਆਂ ਸਾਰੀਆਂ ਮੰਡੀਆਂ ਵਿੱਚ 9.36 ਲੱਖ ਮੀਟਰਕ ਟਨ ਕਣਕ ਦੀ ਖਰੀਦ ਹੋਣ ਦਾ ਅੰਦਾਜ਼ਾ ਹੈ, ਜਿਸ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਕੀਤੇ ਗਏ ਅਗਾਉੂਂ ਪ੍ਰਬੰਧਾਂ 'ਤੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀ ਅਗਰਵਾਲ ਨੇ ਖਰੀਦ ਕਾਰਜਾਂ ਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਬੱਚਤ ਭਵਨ ਵਿਖੇ ਸੰਬੰਧਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਬਾਰੇ ਜਾਣੂ ਕਰਵਾਇਆ।
     ਸ੍ਰੀ ਅਗਰਵਾਲ ਨੇ ਖਰੀਦ ਕਾਰਜਾਂ ਨਾਲ ਸੰਬੰਧਤ ਸਮੂਹ ਅਧਿਕਾਰੀਆਂ ਅਤੇ ਖਰੀਦ ਏਜੰਸੀਆਂ ਦੇ ਜ਼ਿਲਾ ਮੈਨੇਜਰਾਂ ਨੂੰ ਸਪੱਸ਼ਟ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਕਣਕ ਦੀ ਸੁਚਾਰੂ ਖਰੀਦ ਨੂੰ ਯਕੀਨੀ ਬਣਾਉਣ ਲਈ ਦ੍ਰਿੜ ਯਤਨਸ਼ੀਲ ਹੈ। ਮੁੱਖ ਮੰਤਰੀ ਦੀ ਇੱਛਾ ਹੈ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣੀ ਪੁੱਤਾਂ ਵਾਂਗ ਪਾਲੀ ਫਸਲ ਨੂੰ ਵੇਚਣ ਵਿੱਚ ਕਿਸੇ ਵੀ ਤਰਾਂ ਦੀ ਕੋਈ ਸਮੱਸਿਆ ਪੇਸ਼ ਨਾ ਆਵੇ। ਮੰਡੀਆਂ ਵਿੱਚ ਕਿਸਾਨਾਂ ਦੇ ਬੈਠਣ, ਪਾਣੀ, ਬਿਜਲੀ ਅਤੇ ਹੋਰ ਪ੍ਰਬੰਧ ਪੁਖ਼ਤਾ ਹੋਣੇ ਚਾਹੀਦੇ ਹਨ। ਖਰੀਦ ਕਾਰਜਾਂ ਵਿੱਚ ਕਿਸੇ ਵੀ ਤਰਾਂ ਦੀ ਢਿੱਲਮੁੱਠ ਕਿਸੇ ਵੀ ਹੀਲੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਖਰੀਦ ਕਾਰਜਾਂ ਦੌਰਾਨ ਕੋਈ ਵੀ ਅਧਿਕਾਰੀ ਅਤੇ ਕਰਮਚਾਰੀ ਛੁੱਟੀ ਨਹੀਂ ਕਰੇਗਾ ਅਤੇ ਉਸਦਾ ਮੋਬਾਈਲ ਨੰਬਰ ਹਰ ਵੇਲੇ ਕਿਸਾਨਾਂ ਅਤੇ ਉੱਚ ਅਧਿਕਾਰੀਆਂ ਦੀ ਸਹੂਲਤ ਲਈ ਚਾਲੂ ਰਹੇਗਾ।
      ਉਨਾਂ ਕਿਹਾ ਕਿ ਕਿਸਾਨਾਂ ਨੂੰ ਕਣਕ ਦੀ ਵੇਚ ਵਿੱਚ ਕਿਸੇ ਵੀ ਤਰਾਂ ਦੀ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਖਰੀਦ ਕਾਰਜਾਂ ਵਿੱਚ ਲੱਗੇ ਕਿਸੇ ਵੀ ਅਧਿਕਾਰੀ ਨੂੰ ਕਿਸੇ ਵੀ ਵੇਲੇ ਪਹੁੰਚ ਕਰ ਸਕਦਾ ਹੈ। ਇਸ ਲਈ ਹਰੇਕ ਮੰਡੀ ਦੇ ਬਾਹਰ ਸੰਬੰਧਤ ਐੱਸ. ਡੀ. ਐੱਮ., ਜ਼ਿਲਾ ਮੰਡੀ ਅਫ਼ਸਰ, ਮੰਡੀ ਇੰਸਪੈਕਟਰ, ਮਾਰਕੀਟ ਕਮੇਟੀ ਦੇ ਸਕੱਤਰ, ਏਜੰਸੀ ਇੰਚਾਰਜ, ਸੁਪਰਵਾਈਜ਼ਰ ਅਤੇ ਆਕਸ਼ਨ ਰਿਕਾਰਡਰ ਦੇ ਨਾਮ ਅਤੇ ਨੰਬਰ ਬੈਨਰ 'ਤੇ ਛਪਵਾ ਕੇ ਲਗਾਏ ਜਾਣਗੇ। ਇਸ ਤੋਂ ਇਲਾਵਾ ਲੋੜ ਪੈਣ 'ਤੇ ਪੀੜਤ ਕਿਸਾਨ ਡਿਪਟੀ ਕਮਿਸ਼ਨਰ ਦਫ਼ਤਰ ਦੇ ਨੰਬਰ 'ਤੇ ਵੀ ਸੰਪਰਕ ਕਰ ਸਕੇਗਾ। ਉਨਾਂ ਸਾਰੇ ਐੱਸ. ਡੀ. ਐੱਮਜ਼ ਨੂੰ ਹਦਾਇਤ ਕੀਤੀ ਕਿ ਉਹ ਸਾਰੀਆਂ ਮੰਡੀਆਂ ਦਾ ਖੁਦ ਦੌਰਾ ਕਰਕੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲੈਣ। ਉਨਾਂ ਜ਼ਿਲਾ ਮੰਡੀ ਅਫ਼ਸਰ ਨੂੰ ਹਦਾਇਤ ਕੀਤੀ ਕਿ ਉਹ ਹਰੇਕ ਮੰਡੀ ਦੇ ਬਾਹਰ ਆਪਣਾ ਕਰਮਚਾਰੀ ਤਾਇਨਾਤ ਕਰਨ ਤਾਂ ਜੋ ਮੰਡੀ ਵਿੱਚ ਓਹੀ ਕਣਕ ਦੀ ਆਮਦ ਹੋ ਸਕੇ, ਜੋ ਸੁੱਕੀ ਹੋਵੇ।
    ਮੀਟਿੰਗ ਦੌਰਾਨ ਜ਼ਿਲਾ ਖੁਰਾਕ ਅਤੇ ਸਪਲਾਈ ਕੰਟਰੋਲਰ ਸ੍ਰੀਮਤੀ ਗੀਤਾ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਗਿਆ ਕਿ ਜ਼ਿਲਾ ਲੁਧਿਆਣਾ ਵਿੱਚ ਸਾਰੀਆਂ ਏਜੰਸੀਆਂ ਰਾਹੀਂ ਪਿਛਲੇ ਸਾਲ ਖਰੀਦ ਕੀਤੀ ਗਈ 8.12 ਲੱਖ ਮੀਟਰਕ ਟਨ ਕਣਕ ਦੇ ਮੁਕਾਬਲੇ, ਇਸ ਸਾਲ 9.36 ਲੱਖ ਮੀਟਰਕ ਟਨ ਕਣਕ ਖਰੀਦ ਹੋਣ ਦਾ ਅੰਦਾਜ਼ਾ ਹੈ, ਜੋ ਕਿ ਪਿਛਲੇ ਸਾਲ ਨਾਲੋਂ 14 ਫੀਸਦੀ ਦੇ ਕਰੀਬ ਜਿਆਦਾ ਹੋਵੇਗੀ। ਏਸ਼ੀਆ ਮਹਾਂਦੀਪ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿਖੇ ਕਣਕ ਦੀ ਆਮਦ ਸਭ ਤੋਂ ਪਹਿਲਾਂ ਸ਼ੁਰੂ ਹੋਣ ਦੀ ਸੰਭਾਵਨਾ ਹੈ, ਜਦਕਿ ਬਾਕੀ ਮੰਡੀਆਂ ਵਿੱਚ ਵੀ ਨਾਲ ਹੀ ਆਮਦ ਸ਼ੁਰੂ ਹੋ ਜਾਵੇਗੀ।  
    ਉਨਾਂ ਦੱਸਿਆ ਕਿ ਕਣਕ ਦੀ ਖਰੀਦ ਤਹਿਤ ਪਨਗਰੇਨ, ਮਾਰਕਫੈੱਡ, ਪਨਸਪ, ਵੇਅਰਹਾਊਸ ਕਾਰਪੋਰੇਸ਼ਨ, ਪੰਜਾਬ ਐਗਰੋ ਅਤੇ ਐੱਫ. ਸੀ. ਆਈ. ਵੱਲੋਂ ਵੰਡ ਦੇ ਮੁਤਾਬਿਕ ਕਣਕ ਦੀ ਖਰੀਦ ਕੀਤੀ ਜਾਵੇਗੀ। ਜ਼ਿਲੇ ਦੀਆਂ ਸਾਰੀਆਂ 104 ਮੰਡੀਆਂ ਵਿੱਚ ਲੋੜੀਂਦੇ ਸਟਾਫ਼ ਦੀ ਨਿਯੁਕਤੀ ਕੀਤੀ ਜਾ ਚੁੱਕੀ ਹੈ। ਕਰੇਟ, ਕਵਰ ਅਤੇ ਹੋਰ ਸਮੱਗਰੀ ਸਾਰੀਆਂ ਏਜੰਸੀਆਂ ਕੋਲ ਲੋੜੀਂਦੀ ਮਾਤਰਾ ਵਿੱਚ ਉਪਲਬਧ ਹੈ।     ਢੋਆ-ਢੁਆਈ ਲਈ ਟਰਾਂਸਪੋਰਟ, ਲੇਬਰ ਅਤੇ ਸਟੋਰੇਜ਼ ਦੇ ਸਾਰੇ ਪ੍ਰਬੰਧ ਮੁਕੰਮਲ ਹੋ ਚੁੱਕੇ ਹਨ, ਜਦਕਿ ਲੋੜੀਂਦੇ ਬਾਰਦਾਨੇ ਵਿੱਚੋਂ 90 ਫੀਸਦੀ ਤੋਂ ਵਧੇਰੇ ਬਾਰਦਾਨਾ ਵੱਖ-ਵੱਖ ਏਜੰਸੀਆਂ ਕੋਲ ਉਪਲੱਬਧ ਹੈ। ਏਜੰਸੀਆਂ ਦੇ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਭਰੋਸਾ ਦਿੱਤਾ ਕਿ ਸੁਚਾਰੂ ਖਰੀਦ ਪ੍ਰਬੰਧਾਂ ਵਿੱਚ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।
    ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ), ਵਧੀਕ ਡਿਪਟੀ ਕਮਿਸ਼ਨਰ (ਵ), ਵਧੀਕ ਡਿਪਟੀ ਕਮਿਸ਼ਨਰ (ਖੰਨਾ), ਦੋਵੇਂ ਜ਼ਿਲਾ ਖੁਰਾਕ ਅਤੇ ਸਪਲਾਈ ਕੰਟਰੋਲਰ, ਸਾਰੀਆਂ ਖਰੀਦ ਏਜੰਸੀਆਂ ਦੇ ਅਧਿਕਾਰੀ ਹਾਜ਼ਿਰ ਸਨ।
 

Section: