ਪੁਲਿਸ ਕਮਿਸ਼ਨਰ ਵੱਲੋਂ ਵੱਖ-ਵੱਖ ਪਾਬੰਦੀ ਹੁਕਮ ਜਾਰੀ

On: 11 May, 2017

ਪੈਰਾਮਿਲਟਰੀ ਫੋਰਸਿਜ਼ ਅਤੇ ਆਰਮੀ ਦੀਆਂ ਵਰਦੀਆਂ ਵੇਚਣ ਵਾਲੇ ਦੁਕਾਨਦਾਰਾਂ ਨੂੰ ਹਦਾਇਤਾਂ ਜਾਰੀ, ਖਰੀਦ ਅਤੇ ਕਾਰੋਬਾਰ ਦੇ ਵੇਰਵਿਆਂ ਦਾ ਰਿਕਾਰਡ ਪੁਲਿਸ ਸਟੇਸ਼ਨ ਜਮਾਂ ਕਰਾਉਣ ਦੇ ਆਦੇਸ਼-ਮੂੰਹ 'ਤੇ ਕੱਪੜਾ ਬੰਨ ਕੇ ਡਰਾਈਵ ਕਰਨ ਅਤੇ ਪੈਦਲ ਚੱਲਣ 'ਤੇ ਪਾਬੰਦੀ

ਲੁਧਿਆਣਾ, 10 ਮਈ (ਸਤ ਪਾਲ ਸੋਨੀ) ਪੁਲਿਸ ਕਮਿਸ਼ਨਰੇਟ ਲੁਧਿਆਣਾ ਦੀ ਹਦੂਦ ਅੰਦਰ ਪੈਰਾਮਿਲਟਰੀ ਫੋਰਸਿਜ਼ ਅਤੇ ਆਰਮੀ ਦੀਆਂ ਵਰਦੀਆਂ ਦਾ ਸਾਜੋ-ਸਾਮਾਨ ਵੇਚ ਰਹੇ ਵਿਅਕਤੀਆਂ ਜਾਂ ਦੁਕਾਨਦਾਰਾਂ ਨੂੰ ਹਦਾਇਤ ਜਾਰੀ ਕਰਕੇ ਕਿਹਾ ਗਿਆ ਹੈ ਕਿ ਉਹ ਆਪਣੇ ਇਸ ਕਾਰੋਬਾਰ ਬਾਰੇ ਮੁਕੰਮਲ ਰਿਕਾਰਡ ਤਿਆਰ ਕਰਨਾ ਯਕੀਨੀ ਬਣਾਉਣ ਦੇ ਨਾਲ-ਨਾਲ ਇਸ ਸੰਬੰਧੀ ਮਹੀਨਾਵਾਰ ਰਿਪੋਰਟ ਨੇੜਲੇ ਪੁਲਿਸ ਸਟੇਸ਼ਨ ਵਿੱਚ ਦੇਣੀ ਯਕੀਨੀ ਬਣਾਉਣ।

ਇਸ ਸੰਬੰਧੀ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ-2) ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਸ੍ਰੀ ਆਰ. ਐੱਨ. ਢੋਕੇ, ਪੁਲਿਸ ਕਮਿਸ਼ਨਰ, ਲੁਧਿਆਣਾ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਜਦੋਂ ਵੀ ਕੋਈ ਵਿਅਕਤੀ ਉਨਾਂ (ਦੁਕਾਨਦਾਰ) ਕੋਲ ਕਿਸੇ ਕਿਸਮ ਦੀ ਵਰਦੀ ਦਾ ਸਾਜੋ-ਸਮਾਨ ਖਰੀਦ ਕਰਨ ਲਈ ਆਉਂਦਾ ਹੈ ਤਾਂ ਉਸ (ਖਰੀਦਦਾਰ) ਨੂੰ ਵੇਚੇ ਗਏ ਸਮਾਨ ਦਾ ਵੇਰਵਾ ਅਤੇ ਖਰੀਦਦਾਰ ਦਾ ਸ਼ਨਾਖ਼ਤੀ ਕਾਰਡ, ਮੋਬਾਈਲ ਨੰਬਰ ਅਤੇ ਰਿਹਾਇਸ਼ੀ ਪਤੇ ਬਾਰੇ ਇੰਦਰਾਜ ਰਜਿਸਟਰ ਵਿੱਚ ਦਰਜ ਕੀਤਾ ਜਾਵੇ। ਇਸੇ ਤਰਾਂ ਹਰੇਕ ਦੁਕਾਨਦਾਰ ਇੱਕ ਮਹੀਨੇ ਵਿੱਚ ਵੇਚੇ ਗਏ ਵਰਦੀ ਦੇ ਸਾਜੋ- ਸਮਾਨ ਦੀ ਰਿਪੋਰਟ ਸੰਬੰਧਤ ਪੁਲਿਸ ਸਟੇਸ਼ਨ ਨੂੰ ਭੇਜਣ ਦਾ ਵੀ ਜਿੰਮੇਵਾਰ ਹੋਵੇਗਾ। ਹਰੇਕ ਦੁਕਾਨਦਾਰ ਦੀ ਇਹ ਜਿੰਮੇਵਾਰੀ ਤੈਅ ਕੀਤੀ ਗਈ ਹੈ ਕਿ ਉਹ ਮਹੀਨਾਵਾਰ ਗੋਸ਼ਵਾਰਾ ਤਿਆਰ ਕਰਕੇ ਸਮੁੱਚਾ ਰਿਕਾਰਡ ਤਿਆਰ ਕਰੇਗਾ। ਉਨਾਂ ਦੱਸਿਆ ਕਿ ਕਈ ਵਾਰ ਗੈਰ ਸਮਾਜੀ ਅਨਸਰ ਪੈਰਾ ਮਿਲਟਰੀ ਫੌਰਸਿਜ਼ ਅਤੇ ਆਰਮੀ ਦੀਆਂ ਵਰਦੀਆਂ ਦਾ ਗੈਰ ਕਾਨੂੰਨੀ ਤੌਰ 'ਤੇ ਇਸਤੇਮਾਲ ਕਰਕੇ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਅੰਜ਼ਾਮ ਦੇ ਸਕਦੇ ਹਨ। ਇਸ ਗੈਰ ਕਾਨੂੰਨੀ ਵਰਤੋਂ ਨੂੰ ਰੋਕਣ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਉਨਾਂ ਆਪਣੇ ਅਧੀਨ ਪੈਂਦੇ ਖੇਤਰ ਵਿੱਚ ਵਾਹਨ ਚਾਲਕਾਂ ਵੱਲੋਂ ਮੂੰਹ 'ਤੇ ਕੱਪੜਾ ਬੰਨ ਕੇ ਡਰਾਈਵ ਕਰਨ ਅਤੇ ਪੈਦਲ ਚੱਲਣ 'ਤੇ ਪਾਬੰਦੀ ਲਗਾ ਦਿੱਤੀ ਹੈ। ਜਾਰੀ ਪਾਬੰਦੀ ਹੁਕਮਾਂ 'ਚ ਕਿਹਾ ਗਿਆ ਹੈ ਕਿ ਕੁਝ ਰਾਹਗੀਰ ਆਪਣਾ ਵਾਹਨ ਚਲਾਉਂਦੇ ਸਮੇਂ ਜਾਂ ਪੈਦਲ ਚੱਲਦੇ ਸਮੇਂ ਆਪਣਾ ਮੂੰਹ ਢੱਕ ਲੈਂਦੇ ਹਨ। ਜਿਸ ਨਾਲ ਉਨਾਂ ਦੀ ਪਛਾਣ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਸ ਤੋਂ ਇਲਾਵਾ ਚਿਹਰਾ ਢੱਕਣ ਨਾਲ ਸਮਾਜ ਵਿਰੋਧੀ ਅਨਸਰ ਕਿਸੇ ਵੀ ਸੰਗੀਨ ਵਾਰਦਾਤ ਨੂੰ ਅੰਜ਼ਾਮ ਦੇ ਕੇ ਪੁਲਿਸ ਦੀ ਪਕੜ ਤੋਂ ਬਚ ਸਕਦੇ ਹਨ। ਇਸ ਲਈ ਆਮ ਲੋਕਾਂ ਦੇ ਹਿੱਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਹ ਪਾਬੰਦੀ ਹੁਕਮ ਜਾਰੀ ਕੀਤੇ ਗਏ ਹਨ। ਹੁਕਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਪਾਬੰਦੀ ਉਨਾਂ ਵਿਅਕਤੀਆਂ 'ਤੇ ਲਾਗੂ ਨਹੀਂ ਹੋਵੇਗੀ, ਜਿਨਾਂ ਨੇ ਕਿਸੇ ਬਿਮਾਰੀ ਜਾਂ ਐਲਰਜੀ ਦੀ ਵਜਾ ਕਾਰਨ ਮੈਡੀਕਲ ਸੁਪਰਵੀਜ਼ਨ ਦੇ ਹੇਠਾਂ ਮਾਸਕ ਜਾਂ ਕੋਈ ਹੋਰ ਚੀਜ਼ ਪਹਿਨੀ ਹੋਵੇਗੀ। ਇਹ ਪਾਬੰਦੀ ਹੁਕਮ 9 ਜੂਨ, 2017 ਤੱਕ ਜਾਰੀ ਰਹਿਣਗੇ।

ਉਨਾਂ ਆਪਣੇ ਅਧਿਕਾਰ ਖੇਤਰ ਵਿੱਚ ਨਿੱਜੀ ਵਾਹਨਾਂ 'ਤੇ ਅਣਅਧਿਕਾਰਤ ਤੌਰ 'ਤੇ ਪੁਲਿਸ, ਫੌਜ, ਵੀ. ਆਈ. ਪੀ., ਆਨ ਗੌਰਮਿੰਟ ਡਿਊਟੀ ਅਤੇ ਵਿਭਾਗਾਂ ਦੇ ਨਾਮ ਦਾ ਲੋਗੋ ਲਗਾਉਣ 'ਤੇ ਤੁਰੰਤ ਪਾਬੰਦੀ ਲਗਾ ਦਿੱਤੀ ਹੈ। ਪੁਲਿਸ ਕਮਿਸ਼ਨਰੇਟ ਲੁਧਿਆਣਾ ਦੀ ਹਦੂਦ ਅੰਦਰ ਸਥਿਤ ਸਮੂਹ ਏ. ਟੀ. ਐੱਮਜ਼ 'ਤੇ ਸ਼ਾਮ 8 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਘੱਟੋ-ਘੱਟ ਇੱਕ ਸੁਰੱਖਿਆ ਕਰਮਚਾਰੀ ਲਾਜ਼ਮੀ ਤੌਰ 'ਤੇ ਤਾਇਨਾਤ ਕਰਨ ਦਾ ਹੁਕਮ ਜਾਰੀ ਕੀਤਾ ਹੈ। ਉਕਤ ਸਮੇਂ ਦੌਰਾਨ ਬਿਨਾ ਸੁਰੱਖਿਆ ਕਰਮਚਾਰੀ ਦੇ ਕਿਸੇ ਵੀ ਏ. ਟੀ. ਐੱਮ. ਨੂੰ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜਾਰੀ ਹੁਕਮਾਂ ਵਿੱਚ ਕਿਹਾ ਹੈ ਕਿ ਕੁਝ ਗੈਰਕਾਨੂੰਨੀ ਅਨਸਰਾਂ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਏ. ਟੀ. ਐੱਮਜ਼. ਨੂੰ ਲੁੱਟਣ ਅਤੇ ਭੰਨ ਤੋੜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਨਾਲ ਆਮ ਜਨਤਾ ਦੇ ਮਨਾਂ ਵਿੱਚ ਸਹਿਮ ਅਤੇ ਡਰ ਦੀ ਭਾਵਨਾ ਪੈਦਾ ਹੁੰਦੀ ਹੈ। ਇਹ ਹੁਕਮ 2 ਮਹੀਨੇ ਤੱਕ ਲਾਗੂ ਰਹਿਣਗੇ। ਉਨਾਂ ਕਿਹਾ ਕਿ ਰਾਤ ਵੇਲੇ ਦੇਰ ਰਾਤ ਤੱਕ ਢਾਬੇ ਆਦਿ ਖੁੱਲੇ ਰਹਿੰਦੇ ਹਨ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਗੈਰਕਾਨੂੰਨੀ ਧੰਦੇ ਕੀਤੇ ਜਾਂਦੇ ਹਨ। ਕਈ ਵਾਰੀ ਸ਼ਰਾਰਤੀ ਅਨਸਰਾਂ ਵੱਲੋਂ ਇਨਾਂ ਢਾਬਿਆਂ 'ਤੇ ਹੁੱਲੜਬਾਜੀ ਵੀ ਕੀਤੀ ਜਾਂਦੀ ਹੈ। ਜਿਸ ਕਾਰਨ ਰਾਤ ਸਮੇਂ ਢਾਬੇ 11 ਵਜੇ ਤੋਂ ਬਾਅਦ ਖੁੱਲੇ ਰਹਿਣ 'ਤੇ ਪਾਬੰਦੀ ਲਗਾਈ ਜਾਂਦੀ ਹੈ। ਇਨਾਂ ਹੁਕਮਾਂ ਦੀ ਰੇਲਵੇ ਸਟੇਸ਼ਨ, ਮੁੱਖ ਹਸਪਤਾਲ ਅਤੇ ਬੱਸ ਅੱਡੇ ਦੇ ਨਜ਼ਦੀਕ ਸਥਿਤ ਢਾਬਿਆਂ ਨੂੰ ਛੋਟ ਹੋਵੇਗੀ।

ਖਤਰਨਾਕ ਸਿੰਥੈਟਿਕ ਪਲਾਸਟਿਕ ਦੀ ਬਣੀ ਚਾਈਨਾ ਡੋਰ ਨੂੰ ਸਟੋਰ ਕਰਨ, ਵੇਚਣ ਅਤੇ ਖ੍ਰੀਦਣ 'ਤੇ ਵੀ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਸਬੰਧੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਵੀ ਹੁਕਮ ਕੀਤੇ ਗਏ ਹਨ। ਇਹ ਡੋਰਾਂ ਸਿੰਥੈਟਿਕ ਪਲਾਸਟਿਕ ਦੀਆਂ ਬਣੀਆਂ ਹੋਈਆਂ ਹਨ, ਜੋ ਕਾਫੀ ਸਖ਼ਤ ਅਤੇ ਨਾ-ਟੁੱਟਣਯੋਗ ਹਨ। ਜਿਸ ਨਾਲ ਸ਼ਹਿਰ ਵਿੱਚ ਬਿਜਲੀ ਦੀਆਂ ਤਾਰਾਂ, ਵਿਅਕਤੀਆਂ, ਪੰਛੀਆਂ ਦੇ ਨਾਲ ਕਈ ਵੱਡੇ ਹਾਦਸੇ ਹੋ ਚੁੱਕੇ ਹਨ। ਇਸ ਲਈ ਆਮ ਜਨਤਾ ਦੀ ਜਾਨ ਮਾਲ ਨੂੰ ਯਕੀਨੀ ਬਨਾਉਣ ਲਈ ਅਤੇ ਅਜਿਹੀਆਂ ਖਤਰਨਾਕ ਡੋਰਾਂ ਦੀ ਵਿਕਰੀ 'ਤੇ ਪਾਬੰਦੀ ਲਾਉਣ ਲਈ ਲੋਕ ਹਿੱਤ ਵਿੱਚ ਵਿਸ਼ੇਸ਼ ਕਦਮ ਚੁੱਕਣ ਤਹਿਤ ਇਹ ਪਾਬੰਦੀ ਲਗਾਈ ਗਈ ਹੈ।

ਸੜਕਾਂ ਉੱਪਰ ਰੇਤਾ, ਬੱਜਰੀ, ਇੱਟਾਂ, ਸਰੀਆ ਅਤੇ ਮਲਬਾ ਆਦਿ ਅਤੇ ਕੋਈ ਵੀ ਗੈਰ ਕਾਨੂੰਨੀ ਕਾਰਵਾਈ, ਜਿਸ ਨਾਲ ਸੜਕ ਆਵਾਜਾਈ ਵਿੱਚ ਵਿਘਨ ਪੈਂਦਾ ਹੋਵੇ ਅਤੇ ਆਮ ਜਨਤਾ ਨੂੰ ਮੁਸ਼ਕਿਲ ਪੇਸ਼ ਆਉਂਦੀ ਹੋਵੇ, ਉਸ 'ਤੇ ਪਾਬੰਦੀ ਲਗਾਈ ਜਾਂਦੀ ਹੈ। ਇੱਕ ਹੋਰ ਹੁਕਮ ਰਾਹੀਂ ਸ਼ੇਰਪੁਰ ਚੌਕ ਮੰਡੀ ਵਿਖੇ ਗੈਰਕਾਨੂੰਨੀ ਤਰੀਕੇ ਨਾਲ ਚੱਲਦੀ ਮੱਛੀ ਮੰਡੀ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।