ਹਾਈ ਕੋਰਟ ਨੇ ਕੀਤੀ ਦਿੱਲੀ ਦੰਗੇ ਦੇ ਕੈਂਟ ਮਾਮਲੇ ਦੀ ਸੁਣਵਾਈ, ਮਾਤਾ ਸੰਪੂਰਨ ਕੌਰ ਦੇ ਦਰਜ ਕਰਵਾਈ ਗਵਾਹੀ

On: 2 May, 2017

ਦਿੱਲੀ ਪੁਲਿਸ ਨੇ ਬਲਰਾਮ ਖੋਖਰ ਨੂੰ ਕੀਤਾ ਪੇਸ਼, ਸਜੱਣ ਸਣੇ ਬਾਕੀ ਦੋਸ਼ੀ ਨਾ ਹੋਏ ਪੇਸ਼

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ) ਦਿੱਲੀ ਵਿਚ ਹੋਏ ਨਵੰਬਰ ੧੯੮੪ ਵਿਚ ਸਿੱਖ ਕਤਲੇਆਮ ਦੇ ਨਵੇਂ ਖੁੱਲੇ ੫ ਮਾਮਲਿਆਂ ਵਿਚੋਂ ਇਕ ਦਿੱਲੀ ਕੈਂਟ ਵਾਲੇ ਮਾਮਲੇ ਦੀ ਸੁਣਵਾਈ ਹਾਈ ਕੋਰਟ ਅੰਦਰ ਜੱਜ ਗੀਤਾ ਮਿੱਤਲ ਦੀ ਅਦਾਲਤ ਵਿਚ ਹੋਈ । ਇਸ ਮਾਮਲੇ ਵਿਚ ਸੱਜਣ ਕੁਮਾਰ, ਬਲਰਾਮ ਖੋਖਰ, ਧੰਨਰਾਜ, ਮਹਿੰਦਰ ਯਾਦਵ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਨੇ ਸ ਨਿਰਮਲ ਸਿੰਘ ਨੂੰ ਧੋਖੇ ਨਾਲ ਘਰੋਂ ਬੁਲਾ ਕੇ ਜਿਉਦਿਆਂ ਨੂੰ ਅੱਗ ਲਾ ਕੇ ਸਾੜ ਦਿਤਾ ਸੀ ।

ਹਾਈ ਕੋਰਟ ਵਲੋਂ ਸਮੂਹ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਸੰਮਨ ਭੇਜਣ ਤੋਂ ਬਾਅਦ ਸਿਰਫ ਦਿੱਲੀ ਪੁਲਿਸ ਵਲੋਂ ਸਖਤ ਸੁਰਖਿਆ ਹੇਠ ਬਲਰਾਮ ਖੋਖਰ ਨੂੰ ਪੇਸ਼ ਕੀਤਾ ਗਿਆ ਅਤੇ ਇਸ ਤੋਂ ਅਲਾਵਾ ਹੋਰ ਕੋਈ ਵੀ ਪੇਸ਼ ਨਹੀ ਹੋਇਆ ।  ਅਦਾਲਤ ਵਿਚ ਦੋਨਾਂ ਪੱਖਾਂ ਵਲੋਂ ਕੋਈ ਵੀ ਵਕੀਲ ਪੇਸ਼ ਨਾ ਹੋਣ ਤੇ ਜੱਜ ਵਲੋਂ ਬਲਰਾਮ ਖੋਖਰ ਨੂੰ ਪੁੱਛਣ ਤੇ ਉਸ ਨੇ ਕਿਹਾ ਕਿ ਮੈਨੂੰ ਤੇ ਸੱਜਣ ਕੁਮਾਰ ਦੇ ਵਕੀਲ਼ਾ ਨੇ ਲੂਟ ਕੇ ਖਾ ਲਿਆ ਹੈ ਅਤੇ ਮਰਵਾ ਦਿਤਾ ਹੈ, ਉਨ੍ਹਾਂ ਕਰਕੇ ਮੇਰੀ ਜਾਇਦਾਦ ਵਿਕ ਗਈ ਹੈ ਮੇਰੇ ਬੱਚੇ ਸੜਕਾਂ ਤੇ ਆ ਗਏ ਹਨ ਤੇ ਮੈਨੂੰ ਜੇਲ੍ਹ ਅੰਦਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ ਘੇਰ ਲਿਆ ਹੈ ਇਸ ਕਰਕੇ ਹੁਣ ਮੈਨੂੰ ਵਕੀਲ ਕਰਨ ਲਈ ਥੋੜੇ ਸਮੇਂ ਦੀ ਮੋਹਲਤ ਚਾਹੀਦੀ ਹੈ ਜਿਸ ਨੂੰ ਸਵੀਕਾਰ ਕਰਦੇ ਹੋਏ ਜੱਜ ਗੀਤਾ ਮਿੱਤਲ ਨੇ ਅਗਲੀ ਸੁਣਵਾਈ ਲਈ ੧੧ ਜੁਲਾਈ ਦੇ ਦਿੱਤੀ ।

ਅਜ ਹਾਈ ਕੋਰਟ ਅੰਦਰ ਸ. ਨਿਰਮਲ ਸਿੰਘ ਦੀ ਧਰਮਸੁਪਤਨੀ ਬੀਬੀ ਸੰਪੂਰਨ ਕੌਰ ਨੇ ਅਦਾਲਤ ਵਿਚ ਪੇਸ਼ ਹੋ ਕੇ ਅਪਣੀ ਗਵਾਹੀ ਦਰਜ ਕਰਵਾਈ ਸੀ ਤੇ ਜਿਰਹ ਉਨ੍ਹਾਂ ਦੀ ਬੇਟੀ ਬੀਬੀ ਨਿਰਪ੍ਰੀਤ ਕੌਰ ਨੇ ਕੀਤੀ ਸੀ । ਮਾਮਲੇ ਦੀ ਅਗਲੀ ਸੁਣਵਾਈ ਹੁਣ ੧੧ ਅਤੇ ੧੮ ਜੁਲਾਈ ਨੂੰ ਹੋਵੇਗੀ ।