ਰੁਲਦਾ ਸਿੰਘ ਮਾਮਲੇ ਵਿਚ ਭਾਈ ਤਾਰਾ ਅਤੇ ਭਾਈ ਗੋਲਡੀ ਨੇ ਪੇਸ਼ੀ ਭੁਗਤੀ

On: 3 May, 2017

ਨਵੀਂ ਦਿੱਲੀ ੨ ਮਈ (ਮਨਪ੍ਰੀਤ ਸਿੰਘ ਖਾਲਸਾ): ਰਾਸ਼ਟਰੀਆ ਸਿੱਖ ਸੰਗਤ ਦੇ ਪ੍ਰਧਾਨ ਰੁਲਦਾ ਸਿੰਘ ਕਤਲ ਕੇਸ ਦੇ ਮਾਮਲੇ ਵਿਚ ਖਾਲਿਸਤਾਨ ਟਾਈਗਰ ਫੋਰਸ ਦੇ ਭਾਈ ਰਮਨਦੀਪ ਸਿੰਘ ਗੋਲਡੀ ਨੂੰ ਨਾਭਾ ਜੇਲ੍ਹ ਤੋਂ ਸਖਤ ਸੁੱਰਖਿਆ ਹੇਠ ਪੰਜਾਬ ਪੁਲਿਸ ਵਲੋਂ ਜੱਜ ਅਰੂਨ ਗੁਪਤਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਅਤੇ ਭਾਈ ਜਗਤਾਰ ਸਿੰਘ ਤਾਰਾ ਨੂੰ ਵੀਡੀਉ ਕਾਨਫਰੇਸਿੰਗ ਰਾਹੀ ਪੇਸ਼ੀ ਭੁਗਤਵਾਈ ਗਈ ਸੀ । ਰੁਲਦਾ ਸਿੰਘ ਨੂੰ ੨੮ ਜੁਲਾਈ ੨੦੦੯ ਨੂੰ ਇੰਗਲੈਂਡ ਤੋ ਪਰਤਣ aਪਰੰਤ ਉਨ੍ਹਾਂ ਦੇ ਘਰ ਦੇ ਬਾਹਰ ਹੀ ਗੋਲੀਆਂ ਮਾਰੀਆ  ਗਈਆਂ ਸਨ ਜਿਸ aਪਰੰਤ ੧੮ ਅਗਸਤ ੨੦੦੯ ਨੂੰ ਪੀਜੀਆਈ ਚੰਡੀਗੜ ਵਿਚ ਉਨ੍ਹਾਂ ਦੀ ਮੌਤ ਹੋ ਗਈ ਸੀ । ਇਸ ਮਾਮਲੇ ਵਿਚ ਇਨ੍ਹਾਂ ਦੋਨਾਂ ਤੋ ਅਲਾਵਾ ਸਤੰਬਰ ੨੦੦੯ ਵਿਚ ਦਰਸ਼ਨ ਸਿੰਘ ਮਕਰੂਦਪੁਰ, ਅਮਰਜੀਤ ਸਿੰਘ, ਦਲਜੀਤ ਸਿੰਘ, ਜਗਮੋਹਨ ਸਿੰਘ ਅਤੇ ਗੁਰਜੰਟ ਸਿੰਘ ਨੂੰ ਵੀ ਨਾਮਜਦ ਕੀਤਾ ਗਿਆ ਸੀ ਤੇ ਇਹ ਪੰਜੋ ਬੀਤੇ ਸਾਲ ਸੰਨ ੨੦੧੬ ਵਿਚ ਕਿਸੇ ਕਿਸਮ ਦਾ ਸਬੂਤ ਨਾ ਮਿਲਣ ਕਰਕੇ ਬਰੀ ਹੋ ਗਏ ਸਨ । ਪੰਜਾਬ ਪੁਲਿਸ ਮੁਤਾਬਿਕ ਇਸ ਮਾਮਲੇ ਵਿਚ ਬੱਬਰ ਖਾਲਸਾ ਦੇ ਮੁੱਖੀ ਵੱਧਾਵਾ ਸਿੰਘ ਬੱਬਰ, ਪਰਮਜੀਤ ਸਿੰਘ ਪੰਮਾ, ਹਰਜੋਤ ਸਿੰਘ ਅਤੇ ਜਗਦੇਵ ਸਿੰਘ ਵੀ ਇਸ ਮਾਮਲੇ ਵਿਚ ਲੋੜੀਦੇਂ ਹਨ ।

ਜੱਜ ਅਰੂਨ ਗੁਪਤਾ ਦੀ ਅਦਾਲਤ ਵਿਚ ਐਫ ਆਰ ਆਈ ੨੭੯/੦੯ ਅਧੀਨ ਚੱਲੇ ਮਾਮਲੇ ਅੰਦਰ ਰੁਲਦਾ ਸਿੰਘ ਦੇ ਜਵਾਈ ਗੁਰਮੀਤ ਸਿੰਘ ਨੇ ਪੇਸ਼ ਹੋ ਕੇ ਅਪਣੀ ਗਵਾਹੀ ਦਰਜ ਕਰਵਾਈ ਸੀ ਤੇ ਸਿੰਘਾਂ ਵਲੋਂ ਵਕੀਲ ਬੀ ਐਸ ਸੋਢੀ ਪੇਸ਼ ਹੋਏ ਸਨ । ਇਸ ਮਾਮਲੇ ਵਿਚ ਭਾਈ ਗੋਲਡੀ ਨੂੰ ਪੰਜਾਬ ਪੁਲਿਸ ਵਲੋਂ ਨਵੰਬਰ ੨੦੧੪ ਨੂੰ ਅਤੇ ਭਾਈ ਤਾਰਾ ਨੂੰ ਜਨਵਰੀ ੨੦੧੫ ਵਿਚ ਮਲੇਸ਼ਿਆ ਤੋਂ ਗ੍ਰਿਫਤਾਰ ਕਰਕੇ ਪੇਸ਼ ਕੀਤਾ ਗਿਆ ਸੀ । ਮਾਮਲੇ ਦੀ ਅਗਲੀ ਸੁਣਵਾਈ ਹੁਣ ੨੯ ਮਈ ਨੂੰ ਹੋਵੇਗੀ ।