ਦਿੱਲੀ ਕੇਸ ਵਿਚ ਭਾਈ ਦਿਆ ਸਿੰਘ ਲਾਹੋਰੀਆ ਅਤੇ ਤਰਲੋਚਨ ਮਾਣਕਿਆ ਨੇ ਪੇਸ਼ੀ ਭੁਗਤੀ

On: 19 January, 2018

        ਪੰਜਾਬ ਪੁਲਿਸ ਵਲੋਂ ਗਾਰਦ ਨਾ ਹੋਣ ਦਾ ਬਹਾਨਾ ਬਣਾ ਕੇ ਸੁੱਖੀ ਨੂੰ ਪੇਸ਼ ਨਹੀ ਕੀਤਾ
     
ਨਵੀਂ ਦਿੱਲੀ 18 ਜਨਵਰੀ (ਮਨਪ੍ਰੀਤ ਸਿੰਘ ਖਾਲਸਾ) : ਦਿੱਲੀ ਦੀ ਇਕ ਸੈਸ਼ਨ ਅਦਾਲਤ ਵਿਚ ਚਲ ਰਹੇ ਕੇਸ ਵਿਚ ਦਿੱਲੀ ਪੁਲਿਸ ਵਲੋਂ ਸਖਤ ਪਹਿਰੇ ਵਿਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਕਮਾਂਡਰ ਭਾਈ ਦਿਆ ਸਿੰਘ ਲਾਹੋਰੀਆ ਨੂੰ ਸੌਦਾ ਸਾਧ ਕੇਸ ਐਫ ਆਈ ਆਰ ਨੂੰ 77/2007 ਧਾਰਾ 25(1), 120 ਬੀ ਅਤੇ 121 ਏ ਅਧੀਨ ਜੱਜ ਸਿੱਧਾਰਥ ਸ਼ਰਮਾ ਦੀ ਕੋਰਟ ਵਿਚ ਸਮੇਂ ਸਿਰ ਪੇਸ਼ ਕੀਤਾ ਗਿਆ । ਪੰਜਾਬ ਪੁਲਿਸ ਵਲੋਂ ਮੁੜ ਗਾਰਦ ਨਾ ਹੋਣ ਦਾ ਬਹਾਨਾ ਬਣਾ ਕੇ ਸੁੱਖਵਿੰਦਰ ਸਿੰਘ ਸੁੱਖੀ ਨੂੰ ਪੇਸ਼ ਨਹੀ ਕੀਤਾ ਗਿਆ ਅਤੇ ਇਸੇ ਕੇਸ ਵਿਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਖਾੜਕੂ ਭਾਈ ਤਰਲੋਚਨ ਸਿੰਘ ਮਾਣਕਿਆ ਜੋ ਕਿ ਜਮਾਨਤ ਤੇ ਹਨ ਨਿਜੀ ਤੋਰ ਤੇ ਪੇਸ਼ ਹੋਏ ਸਨ।
        ਖਾੜਕੂ ਸਿੰਘਾਂ ਦੇ ਕੇਸ ਵਿਚ ਇਸ ਸਮੇਂ ਕੋਰਟ ਅੰਦਰ ਗਵਾਹੀਆਂ ਦਰਜ ਹੋ ਰਹੀਆਂ ਹਨ ਜਿਸ ਵਿਚ ਅਜ ਪੁਲਿਸ ਇੰਸਪੈਕਟਰ ਏਸੀਪੀ ਪੰਕਜ ਸੂਦ ਅਤੇ ਏਅਰਟੈਲ ਦੇ ਇਕ ਅਧਿਕਾਰੀ ਨੇ ਅਪਣੀ ਗਵਾਹੀ ਦਰਜ ਕਰਵਾਈ ।
       ਪੇਸ਼ੀ ਭੁਗਤਣ ਉਪਰੰਤ ਖਾੜਕੂ ਸਿੰਘਾਂ ਨੇ ਪ੍ਰੈਸ ਨਾਲ ਗਲਬਾਤ ਕਰਦਿਆਂ ਕਿਹਾ ਕਿ ਅਜ ਸਿੱਖ ਪੰਥ ਬਹੁਤ ਹੀ ਭਿਆਨਕ ਨਾਜੂਕ ਦੌਰ ਤੋਂ ਗੁਜਰ ਰਿਹਾ ਹੈ ਜੋ ਕਿ ਚੁਫੇਰਿਉ ਸਿੱਖ ਪੰਥ ਦੇ ਵਿਰੋਧੀਆਂ ਨਾਲ ਘਿਰਿਆ ਹੋਇਆ ਅਪਣੀ ਪੰਥਕ ਹੋਂਦ ਨੂੰ ਬਚਾਉਣ ਲਈ ਹੱਥ ਪੈਰ ਮਾਰ ਰਿਹਾ ਹੈ ਪਰ ਸਹੀ ਸਲਾਮਤ ਨਿਕਲਣ ਦਾ ਰਾਹ ਕਿਧਰੇ ਵੀ ਨਜ਼ਰ ਨਹੀ ਪੈ ਰਿਹਾ ਹੈ । ਪੰਥ ਦੀ ਅਜੋਕਿ ਹਾਲਤ ਨੂੰ ਵੇਖਦਿਆਂ ਹੋਇਆ ਇਹੋ ਹੀ ਕਿਹਾ ਜਾ ਸਕਦਾ ਹੈ ਕਿ ਅਜ ਪੰਥ ਦੀ ਬੇੜੀ ਨਹੀ ਤੁਫਾਨਾਂ ਵਿਚ ਬਲਕਿ ਬੇੜੀ ਵਿਚ ਹੀ ਤੁਫਾਨ ਮਚਿਆ ਪਿਆ ਹੈ । ਇਨ੍ਹਾਂ ਹਾਲਾਤਾਂ ਨੂੰ ਦੇਖਦਿਆਂ ਹੋਇਆ ਅਜ ਕੌਮ ਨੂੰ ਪੰਥਕ ਏਕਤਾ ਦੀ ਬਹੁਤ ਵਡੀ ਲੋੜ ਹੈ ਜਿਸ ਨਾਲ ਹੀ ਸਾਡੀ ਹੋਂਦ ਬਚਾਈ ਜਾ ਸਕਦੀ ਹੈ । ਉਨ੍ਹਾਂ ਕੌਮ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਥ ਦੇ ਭਲੇ ਲਈ ਪੰਥ ਦਰਦੀਆਂ ਨੂੰ ਸਿਰਜੋੜ ਕੇ ਸੋਚਣ ਲਈ ਸਮਾਂ ਕੌਮ ਦੇ ਦਰਵਾਜੇ ਤੇ ਦਸਤਕ ਦੇ ਰਿਹਾ ਹੈ ਅਤੇ ਹੁਣ ਪੰਥ ਦੇ ਜਾਗਣ ਦਾ, ਜਾਗਰੂਕ ਹੋ ਕੇ ਇਕੱਠੇ ਤੁਰਨ ਦਾ ਸਮਾਂ ਆ ਗਿਆ ਹੈ ਇਸ ਲਈ ਸਾਰੀਆਂ ਧਿਰਾਂ ਇਕੋ ਨਿਸ਼ਾਨ ਸਾਹਿਬ ਹੇਠ ਮਿਲਵਰਤਨ ਦਾ ਫੈਸਲਾ ਲੈ ਕੇ ਡੁਬ ਰਹੀ ਕੌਮ ਦੀ ਬੇੜੀ ਨੂੰ ਬਚਾਉਣ ਦਾ ਉਪਰਾਲਾ ਕਰਨ ।
      ਚਲ ਰਹੇ ਮਾਮਲੇਦੀ ਅਗਲੀ ਸੁਣਵਾਈ 22 ਅਤੇ 24 ਜਨਵਰੀ ਨੂੰ ਹੋਵੇਗੀ । ਖਾੜਕੂ ਸਿੰਘਾਂ ਨੂੰ ਮਿਲਣ ਲਈ ਭਾਈ ਮਨਪ੍ਰੀਤ ਸਿੰਘ ਖਾਲਸਾ, ਭਾਈ ਮਹਿੰਦਰਪਾਲ ਸਿੰਘ, ਸ਼੍ਰੌਮਣੀ ਅਕਾਲੀ ਦਲ (ਮਾਨ) ਦੇ ਦਿੱਲੀ ਇਕਾਈ ਦੇ ਪ੍ਰਧਾਨ ਭਾਈ ਸੰਸਾਰ ਸਿੰਘ ਅਤੇ ਹੋਰ ਬਹੁਤ ਸਾਰੇ ਸਿੰਘ ਪਹੁੰਚੇ ਹੋਏ ਸਨ ।