ਗੁਰਦੁਆਰਾ ਸਿੰਘ ਸਭਾ ਫਰਾਂਸ ਬੋਬੀਨੀ ਵਿਖੇ 9 ਜੁਲਾਈ ਨੂੰ ਲੱਗਾ ਬੱਚਿਆਂ ਦਾ ਗੁਰਮਤਿ ਕੈਂਪ 22 ਜੁਲਾਈ ਨੂੰ ਸਫਲਤਾਪੂਰਵਕ ਸੰਪੰਨ ਹੋਇਆ

On: 24 July, 2018

250 ਦੇ ਕਰੀਬ ਬੱਚਿਆਂ ਨੇ ਹਾਜਰੀ ਭਰੀ
ਪੈਰਿਸ,23 ਜੁਲਾਈ(ਸੁਖਵੀਰ ਸਿੰਘ ਕੰਗ)ਸ਼ਹੀਦ ਬਾਬਾ ਦੀਪ ਸਿੰਘ,ਸ਼ਹੀਦ ਭਾਈ ਮਨੀ ਸਿੰਘ ਅਤੇ ਸ਼ਹੀਦ ਭਾਈ ਤਾਰੂ ਸਿੰਘ ਜੀ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਫਰਾਂਸ ਬੋਬੀਨੀ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਫਰਾਂਸ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 9 ਜੁਲਾਈ ਨੂੰ ਲੱਗਾ ਬੱਚਿਆਂ ਦਾ ਗੁਰਮਤਿ ਕੈਂਪ 22 ਜੁਲਾਈ ਐਤਵਾਰ ਨੂੰ ਸਫਲਤਾਪੂਰਵਕ ਸੰਪੰਨ ਹੋਇਆ।ਜਿਸ ਵਿੱਚ 3 ਸਾਲ ਤੋਂ ਲੈ ਕੇ 13 ਸਾਲ ਦੇ 250 ਦੇ ਕਰੀਬ ਬੱਚਿਆਂ ਨੇ ਸ਼ਮੂਲੀਅਤ ਕੀਤੀ।ਬੀਬੀ ਬਲਬੀਰ ਕੌਰ ਯੂਕੇ,ਭਾਈ ਬਲਜਿੰਦਰ ਸਿੰਘ ਇਟਲੀ,ਭਾਈ ਗੁਰਮੁੱਖ ਸਿੰਘ ਇਟਲੀ,ਗੁਰਦੁਆਰਾ ਸਾਹਿਬ ਦੇ ਸੇਵਾਦਾਰ ਭਾਈ ਮਾਨ ਸਿੰਘ,ਭਾਈ ਦੀਪ ਸਿੰਘ,ਭਾਈ ਪ੍ਰਕਾਸ਼ ਸਿੰਘ ਅਤੇ ਫਰਾਂਸ ਦੀਆਂ ਸੰਗਤਾਂ ਨੇ ਤਨ,ਮਨ,ਧਨ ਨਾਲ ਸੇਵਾ ਕੀਤੀ ਅਤੇ ਬੱਚਿਆਂ ਨੂੰ ਗੁਰਮੁੱਖੀ ਅਤੇ ਗੁਰਮਤਿ ਨਾਲ ਜੋੜਿਆ।ਕੈਂਪ ਵਿੱਚ ਬੱਚਿਆਂ ਨੂੰ ਅਨੁਸ਼ਾਸ਼ਨ ਵਿੱਚ ਰੱਖਣ ਲਈ ਬਕਾਇਦਾ ਤੌਰ ਤੇ ਟਾਈਮ ਟੇਬਲ ਸ਼ਡਿਉਲ ਤਿਆਰ ਕੀਤਾ ਗਿਆ।ਜਿਸ ਦੇ ਤਹਿਤ ਵੱਖਰੀਆਂ ਵੱਖਰੀਆਂ ਕਲਾਸਾਂ ਲਾ ਕੇ ਬੱਚਿਆਂ ਨੂੰ ਗੁਰਮੁੱਖੀ,ਸੰਗੀਤਕ ਵਿਦਿਆ ਅਤੇ ਗੁਰਬਾਣੀ ਸੰਥਿਆ ਦਿੱਤੀ ਗਈ।ਕੈਂਪ ਵਿੱਚ ਊੜੇ ਅਤੇ ਜੂੜੇ ਨੂੰ ਕਾਇਮ ਰੱਖਣ ਵਾਸਤੇ ਵਿਸ਼ੇਸ਼ ਧਿਆਨਯੋਗ ਸੰਥਿਆ ਬੱਚਿਆਂ ਨੂੰ ਦਿੱਤੀ ਗਈ।ਇਸ ਤੋਂ ਇਲਾਵਾ ਬੱਚਿਆਂ ਨੂੰ ਖੇਡਾਂ ਵੱਲ ਵੀ ਪ੍ਰੇਰਿਤ ਕੀਤਾ ਗਿਆ ਅਤੇ ਰੋਜ਼ਾਨਾਂ ਫੁਟਬਾਲ ਦੀਆਂ ਦੋ ਟੀਮਾਂ ਤਿਆਰ ਕਰਕੇ ਫੁਟਬਾਲ ਦੇ ਮੈਚ ਕਰਵਾਏ ਗਏ।।ਕੈਂਪ ਦੌਰਾਨ ਗੁਰਬਾਣੀ ਕੰਠ ਮੁਕਾਬਲੇ ਵੀ ਕਰਵਾਏ ਗਏ ਅਤੇ ਅਵੱਲ ਰਹਿਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਕੈਂਪ ਦੌਰਾਨ ਬੱਚਿਆਂ ਦੀ ਮੰਗ ਨੂੰ ਮੁੱਖ ਰੱਖ ਕੇ ਰੋਜਾਨਾਂ ਛਤੀ ਪ੍ਰਕਾਰ ਦਾ ਲੰਗਰ ਅਤੁੱਟ ਵਰਤਾਇਆ ਗਿਆ।ਕੈਂਪ ਦੇ ਅਖੀਰਲੇ ਦਿਨ ਬੱਚਿਆਂ ਦੇ ਮਨੋਰੰਜਨ ਲਈ ਲਾ ਕੋਰਨੇਵ ਦੇ ਪਾਰਕ ਵਿੱਚ ਲਿਜਾਇਆ ਗਿਆ ਜਿਸ ਵਿੱਚ ਜਿੱਥੇ ਬੱਚਿਆਂ ਨੇ ਵੱਖ ਵੱਖ ਖੇਡਾਂ ਖੇਡ ਕੇ ਮਨੋਰੰਜਨ ਕੀਤਾ ਉੱਥੇ ਬੱਚਿਆਂ ਦੇ ਮਾਪਿਆਂ ਅਤੇ ਸਮੂਹ ਸੇਵਾਦਾਰਾਂ ਨੇ ਵੀ ਪਾਰਕ ਦਾ ਅਨੰਦ ਮਾਣਿਆਂ। 22 ਜੁਲਾਈ ਐਤਵਾਰ ਨੂੰ ਹਫਤਾਵਾਰੀ ਪ੍ਰੋਗਰਾਮ ਦੇ ਦੌਰਾਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਜਿੱਥੇ ਭਾਈ ਬਲਜਿੰਦਰ ਸਿੰਘ ਇਟਲੀ ਵਾਲਿਆਂ ਨੇ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਉੱਥੇ ਬੱਚਿਆਂ ਨੇ ਵੀ (ਜੋ ਸੰਥਿਆ ਦੌਰਾਨ ਵਿਦਿਆ ਹਾਸਲ ਕੀਤੀ) ਕੀਰਤਨ,ਕਵਿਤਾਵਾਂ ਅਤੇ ਕਵੀਸ਼ਰੀ ਰਾਹੀਂ ਸੰਗਤਾਂ ਦੇ ਸਨਮੁੱਖ ਹਾਜਰੀ ਭਰੀ।ਉਪਰੰਤ ਜਿੱਥੇ ਬੱਚਿਆਂ ਨੂੰ ਯੋਗ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ ਉੱਥੇ ਅਧਿਆਪਕਾਂ ਅਤੇ ਸੇਵਾਦਾਰਾਂ ਨੂੰ ਵੀ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ।ਇਸ ਸਮੇਂ ਭਾਰੀ ਤਦਾਦ ਵਿੱਚ ਸੰਗਤਾਂ ਗੁਰਦੁਆਰਾ ਸਾਹਿਬ ਵਿੱਚ ਹਾਜਰ ਸਨ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।