ਭਾਰਤ ਦੇ 72ਵੇਂ ਅਜ਼ਾਦੀ ਦਿਵਸ ਤੋਂ ਪਹਿਲਾਂ ਪੰਜਾਬ ਰਿਫਰੈਂਡਮ 2020 ਬਾਰੇ 12 ਅਗਸਤ ਨੂੰ ਹੋਣ ਵਾਲੇ ਲੰਡਨ ਐਲਾਨਨਾਮੇ ਦੀ ਦੁਨੀਆਂ ਭਰ ਦੇ ਲੋਕਾਂ ਵਿੱਚ ਭਾਰੀ ਚਰਚਾ

On: 8 July, 2018

 ਪੈਰਿਸ,7 ਜੁਲਾਈ (ਸੁਖਵੀਰ ਸਿੰਘ ਕੰਗ) ਭਾਰਤ ਦੇ 72ਵੇਂ ਅਜ਼ਾਦੀ ਦਿਵਸ ਤੋਂ ਪਹਿਲਾਂ ਪੰਜਾਬ ਰਿਫਰੈਂਡਮ 2020 ਬਾਰੇ 12 ਅਗਸਤ ਨੂੰ ਹੋਣ ਵਾਲੇ ਲੰਡਨ ਐਲਾਨਨਾਮੇ ਦੇ ਸੰਬੰਧ ਵਿੱਚ ਫਰਾਂਸ ਦੇ ਸਮੂਹ   

ਗੁਰਦੁਆਰਿਆਂ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਪੱਧਰ ਤੇ 7 ਜੁਲਾਈ ਸ਼ਨੀਵਾਰ ਨੂੰ ਗੁਰਦੁਆਰਾ ਸਿੰਘ ਸਭਾ ਫਰਾਂਸ ਬੋਬੀਨੀ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ।ਜਿਸ ਵਿੱਚ ਹਾਲੈਂਡ, ਬੈਲਜ਼ੀਅਮ, ਇਟਲੀ,ਸਪੇਨ, ਪੁਰਤਗਾਲ, ਯੂ ਕੇ, ਅਮਰੀਕਾ, ਜਰਮਨੀ, ਫਰਾਂਸ ਆਦਿ ਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਗੁਰਦੁਆਰਿਆਂ ਦੀਆਂ ਕਮੇਟੀਆਂ,ਜਥੇਬੰਦੀਆਂ ਦੇ ਨੁੰਮਾਇੰਦੇ ਅਤੇ ਸਿੱਖ  ਆਗੂ ਪਹੁੰਚੇ । ਅਮਰੀਕਾ ਤੋਂ ਸਿੱਖਸ ਫਾਰ ਜਸਟਿਸ ਦੇ ਲੀਗਲ ਕਮੇਟੀ ਦੇ ਅਡਵਾਈਜ਼ਰ ਗੁਰਪਤਵੰਤ ਸਿੰਘ ਪੰਨੂੰ, ਸੁਖਵਿੰਦਰ ਸਿੰਘ ਠਾਣਾ, ਜਸਬੀਰ ਸਿੰਘ ਮੁਖ ਗਵਾਹ ਦਿੱਲੀ ਨਸਲਕੁਸ਼ੀ 1984, ਰਾਣਾ ਸਿੰਘ, ਜੱਸਾ ਸਿੰਘ,ਅਵਤਾਰ ਸਿੰਘ ਪੰਨੂੰ ਆਦਿ ਨੇ ਵਿਸ਼ੇਸ਼ ਤੌਰ ਤੇ ਹਾਜਰੀ ਭਰੀ।ਮੀਟਿੰਗ ਦਾ ਅਗਾਜ਼ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਵੱਲੋਂ ਅਰਦਾਸ ਕਰਕੇ ਜੈਕਾਰਿਆਂ ਦੀ ਗੂੰਜ ਵਿੱਚ ਕੀਤਾ ਗਿਆ।ਕਰੀਬ ਸੱਤ ਘੰਟੇ ਚੱਲੀ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਗੁਰਪਤਵੰਤ ਸਿੰਘ ਪੰਨੂੰ ਅਤੇ ਅਵਤਾਰ ਸਿੰਘ ਪੰਨੂੰ ਨੇ ਸਿੱਖਸ ਫਾਰ ਜਸਟਿਸ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਵਿਸਥਾਰ ਨਾਲ ਦੱਸਦਿਆਂ ਕਿਹਾ ਕਿ ਸਾਰੀਆਂ ਹੀ ਜਥੇਬੰਦੀਆਂ ਸਤਿਕਾਰਯੋਗ ਹਨ ਅਤੇ ਆਪਣੇ ਆਪਣੇ ਢੰਗ ਨਾਲ ਸਿੱਖ ਰਾਜ ਦੀ ਪ੍ਰਾਪਤੀ ਵਾਸਤੇ ਕੰਮ ਕਰ ਰਹੀਆਂ ਹਨ ਪਰ ਅਸੀਂ ਕਨੂੰਨੀ ਢੰਗ ਨਾਲ ਯੂ ਐਨ ਓ ਦੇ ਕਾਇਦੇ ਕਨੂੰਨਾਂ ਦੇ ਦਾਇਰੇ ਵਿੱਚ ਰਹਿ ਕੇ ਅਜ਼ਾਦ ਸਿੱਖ ਰਾਜ ਦੀ ਪ੍ਰਾਪਤੀ ਲਈ ਕਲਮ ਦੀ ਲੜਾਈ ਲੜ ਰਹੇ ਹਾਂ ਜਿਸ ਵਿੱਚ ਸਾਂਨੂੰ ਕਾਫੀ ਸਫਲਤਾ ਹਾਸਲ ਹੋਈ ਹੈ ।

ਜਿਸ ਤਰਾਂ 1984 ਦੇ ਦਿੱਲੀ ਦੰਗਿਆਂ ਨੂੰ ਸਿੱਖ ਨਸਲਕੁਸ਼ੀ ਵਿੱਚ ਤਬਦੀਲ ਕਰਨਾ,ਆਰ ਐਸ ਐਸ ਵਰਗੀਆਂ ਹਿੰਦੂਤਤਵੀ ਜਥੇਬੰਦੀਆਂ ਨੂੰ ਅੱਤਵਾਦੀ ਸੰਗਠਨ ਐਲਾਨ ਕਰਵਾਉਣਾ ਆਦਿ।ਉਹਨਾਂ ਕਿਹਾ ਕਿ ਹਥਿਆਰਬੰਦ ਸੰਘਰਸ਼ ਅਤੇ ਵਿਚਾਰਾਂ ਦੀ ਲੜਾਈ ਵਿੱਚੋਂ ਹੀ ਇਹ ਰਿਫਰੈਂਡਮ 2020 ਪੈਦਾ ਹੋਇਆ ਹੈ।ਉਹਨਾਂ ਹੋਰ ਕਿਹਾ ਕਿ ਰਿਫਰੈਂਡਮ ਸਾਡਾ ਸਵਿਧਾਨਿਕ ਹੱਕ ਹੈ ਜਿਸ ਵਿੱਚ ਸਿਰਫ ਸਿੱਖਾਂ ਦੇ ਹੱਕ ਦੀ ਹੀ ਗੱਲ ਨਹੀਂ ਹੈ ਸਗੋਂ ਇਸ ਵਿੱਚ ਦੁਨੀਆਂ ਦੇ ਅਮਨ ਪਸੰਦ ਲੋਕ ਸਿੱਖ, ਇਸਾਈ, ਮੁਸਲਿਮ,ਹਿੰਦੂ ਭਾਈਚਾਰਾ ਅਤੇ ਹੋਰ ਧਰਮਾਂ ਦੇ ਲੋਕ ਵੀ ਸ਼ਾਮਲ ਹੋਣਗੇ।ਉਪਰੰਤ ਹਾਲੈਂਡ, ਬੈਲਜ਼ੀਅਮ, ਇਟਲੀ, ਸਪੇਨ, ਪੁਰਤਗਾਲ, ਯੂ ਕੇ,ਅਮਰੀਕਾ, ਜਰਮਨੀ,ਫਰਾਂਸ ਤੋਂ ਪਹੁੰਚੇ ਗੁਰਦੁਆਰਿਆਂ ਦੀਆਂ ਕਮੇਟੀਆਂ,ਜਥੇਬੰਦੀਆਂ ਦੇ ਨੁੰਮਾਇੰਦਿਆਂ ਅਤੇ ਸਿੱਖ ਆਗੂਆਂ ਨੇ ਆਪਣੇ ਆਪਣੇ ਵਿਚਾਰ ਰੱਖੇ ਅਤੇ ਕਿਹਾ ਕਿ ਸਾਡੀ ਕਿਸੇ ਫਿਰਕੇ ਜਾਂ ਕੌਮ ਨਾਲ ਲੜਾਈ ਨਹੀਂ ਹੈ ਸਾਡੀ ਲੜਾਈ ਜੁਲਮ ਦੇ ਖਿਲਾਫ਼ ਹੈ ਜੋ ਸਾਡੇ ਸਾਹਮਣੇ ਇਸ ਵਕਤ ਭਾਰਤ ਦੀ ਹਿੰਦੂਤਤਵੀ ਹਕੂਮਤ ਦੇ ਰੂਪ ਵਿੱਚ ਦਿਸ ਰਿਹਾ ਹੈ ਜੋ ਇਕੱਲਾ ਸਿੱਖਾਂ ਤੇ ਹੀ ਜੁਲਮ ਨਹੀਂ ਢਾਹ ਰਿਹਾ ਸਗੋਂ ਉਹ ਹਰ ਵਰਗ ਇਸ ਜੁਲਮ ਦਾ ਸ਼ਿਕਾਰ ਹੋ ਰਿਹਾ ਹੈ ਜੋ ਭਾਰਤ ਵਿੱਚ ਘੱਟ ਗਿਣਤੀ ਵਿੱਚ ਹਨ।ਇਹ ਵਿਚਾਰ ਮੀਟਿੰਗ ਦੇ ਅੱਧਾ ਸਮਾਂ ਚੱਲੀ ਮੀਟਿੰਗ ਵਿੱਚ ਰੱਖੇ ਗਏ ਅਤੇ ਦੁਪਿਹਰੇ ਦੇ ਭੋਜਨ ਛਕਣ ਬਾਅਦ ਸੰਗਤਾਂ ਨੇ ਸਿੱਖਸ ਫਾਰ ਜਸਟਿਸ ਦੇ ਨੁੰਮਾਇੰਦਿਆਂ ਨੂੰ ਵੱਖ ਵੱਖ ਤਰ੍ਹਾਂ ਦੇ ਠੋਕਵੇਂ ਸਵਾਲ ਪੁੱਛੇ ਜਿਹਨਾਂ ਦੇ ਉਹਨਾਂ ਵੱਲੋਂ ਠੋਕਵੇਂ ਤਸੱਲੀਬਖ਼ਸ਼ ਜਵਾਬ ਦਿੱਤੇ ਗਏ । ਇਸ ਸਮੇਂ ਯੂਰਪ ਭਰ ਤੋਂ ਵੱਡੀ ਗਿਣਤੀ ਵਿੱਚ ਆਏ ਸਿੱਖ ਨੁੰਮਾਇੰਦਿਆਂ ਨੇ ਕਿਹਾ ਕਿ 12 ਅਗਸਤ ਨੂੰ ਯੂ ਕੇ ਦੇ ਟ੍ਰੈਫਲਗਰ ਸਕੇਅਰ ਲੰਡਨ ਵਿਖੇ ਹੋਣ ਵਾਲੇ ਪੰਜਾਬ ਰਿਫਰੈਂਡਮ 2020 ਬਾਰੇ ਲੰਡਨ ਐਲਾਨਨਾਮੇ ਵਿੱਚ ਜਿੱਥੇ ਦੁਨੀਆਂ ਭਰ ਦੇ ਦੇਸ਼ ਸ਼ਮੂਲੀਅਤ ਕਰ ਰਹੇ ਹਨ ਉੱਥੇ ਯੂਰਪ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਬੱਸਾਂ ਭਰ ਕੇ ਸੰਗਤ ਹਾਜ਼ਰੀ ਭਰੇਗੀ। ਪੰਜਾਬ ਰਿਫਰੈਂਡਮ 2020 ਬਾਰੇ  ਲੰਡਨ ਐਲਾਨਨਾਮਾ ਇੱਕ ਵੱਖਰੀ ਤਰ੍ਹਾਂ ਦਾ ਐਲਾਨਨਾਮਾ ਹੋਵੇਗਾ ਜੋ ਭਾਰਤ ਦੀ ਅਜ਼ਾਦੀ ਦਿਵਸ ਤੋਂ ਸਿਰਫ਼ ਦੋ ਦਿਨ ਪਹਿਲਾਂ ਲੰਡਨ ਵਿਖੇ ਹੋਵੇਗਾ।