ਬਰਗਾਡ਼ੀ ਵਿਖੇ ਲਗੇ ਮੋਰਚੇ ਦੀ ਗੁਰਦੁਆਰਾ ਸਿੰਘ ਸਭਾ ਫਰਾਂਸ ਬੋਬੀਨੀ ਵਲੋਂ ਪੂਰਨ ਹਮਾਇਤ ਅਤੇ ਮੋਰਚੇ ਵਿੱਚ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ-ਪਬੰਧਕ ਕਮੇਟੀ

On: 28 June, 2018

    ਪੈਰਿਸ,27 ਜੂਨ (ਸੁਖਵੀਰ ਸਿੰਘ ਕੰਗ) ਤਿੰਨ ਸਾਲ ਪਹਿਲਾਂ ਪਿੰਡ ਜਵਾਹਰ ਸਿੰਘ ਵਾਲਾ ਵਿਖੇ ਪੰਥ ਦੋਖੀਆਂ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕੀਤਾ ਗਿਆ ਸੀ ਅਤੇ ਥੋਡ਼ੇ ਦਿਨਾਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਪਾਡ਼ ਕੇ ਗਲੀਆਂ ਵਿੱਚ ਖਿਲਾਰ ਦਿਤੇ ਗਏ ਸਨ।ਇਸ ਦੇ ਰੋਸ ਵਜੋਂ ਬਰਗਾਡ਼ੀ (ਬਹਿਬਲ ਕਲਾਂ) ਵਿਖੇ ਸ਼ਾਂਤਮਈ ਰੋਸ ਮੁਜਾਹਰਾ ਕੀਤਾ ਗਿਆ ਸੀ ਅਤੇ ਉਸ ਸਮੇਂ ਦੀ ਅਕਾਲੀ ਸਰਕਾਰ ਦੇ ਇਸ਼ਾਰੇ ਤੇ ਉਸ ਮੁਜਾਹਰੇ ਉੱਤੇ ਪ੍ਰਸ਼ਾਸ਼ਨ ਵੱਲੋਂ ਪਾਣੀ ਦੀਆਂ ਬੁਛਾਡ਼ਾਂ ਛੱਡੀਆਂ ਗਈਆਂ ਅਤੇ ਗੋਲੀਆਂ ਚਲਾਈਆਂ ਗਈਆਂ।ਜਿਸ ਵਿੱਚ ਜਿੱਥੇ ਅਨੇਕਾਂ ਸਿੰਘ ਫੱਟਡ਼ ਹੋਏ ਉੱਥੇ  ਦੋ ਸਿੰਘ ਸ਼ਹੀਦ ਹੋ ਗਏ ਪਰ ਫਿਰ ਵੀ ਕੋਈ ਦੋਸ਼ੀ ਨਹੀਂ ਫਡ਼ਿਆ ਗਿਆ ਬਲਕਿ ਸਿੰਘ ਫੱਟਡ਼ ਕਰਨ ਅਤੇ ਸ਼ਹੀਦ ਕਰਨ ਦੇ ਹੋਰ ਦੋਸ਼ੀ ਪੈਦਾ ਹੋ ਗਏ ਅਤੇ ਤਿੰਨ ਸਾਲ ਬੀਤ ਜਾਣ ਦੇ ਬਾਅਦ ਵੀ ਕੋਈ ਦੋਸ਼ੀ ਨਹੀਂ ਫਡ਼ਿਆ ਗਿਆ।ਤੀਸਰੀ ਵਰ੍ਹੇਗੰਢ ਤੇ 31 ਮਈ ਨੂੰ ਦੇਸ ਦੀਆਂ ਇਨਸਾਫ਼ ਪਸੰਦ ਰਾਜਨੀਤਕ, ਧਾਰਮਿਕ ਜਥੇਬੰਦੀਆਂ ਅਤੇ ਹੋਰ ਧਾਰਮਿਕ ਸ਼ਖਸ਼ੀਅਤਾਂ ਵੱਲੋਂ ਬਰਗਾਡ਼ੀ ਵਿਖੇ ਵਿਸ਼ਾਲ ਪੰਥਕ ਇਕੱਠ ਕੀਤਾ ਗਿਆ ਸੀ।ਜਿਸ ਵਿੱਚ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।ਤਿੰਨ ਸਾਲ ਬੀਤ ਜਾਣ ਦੇ ਬਾਅਦ ਵੀ ਸਰਕਾਰਾਂ ਵੱਲੋਂ ਕੋਈ ਕਾਰਵਾਈ ਨਾ ਹੁੰਦੀ ਵੇਖ ਕੇ ਭਾਈ ਧਿਆਨ ਸਿੰਘ ਮੰਡ ਵੱਲੋਂ ਕਿਹਾ ਗਿਆ ਕਿ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਦੀ ਗ੍ਰਿਫਤਾਰੀ,ਸ਼ਾਂਤਮਈ ਧਰਨੇ ਤੇ ਗੋਲੀਆਂ ਚਲਾ ਕੇ ਦੋ ਸਿੰਘ ਸ਼ਹੀਦ ਅਤੇ ਅਨੇਕਾਂ ਸਿੰਘ ਫੱਟਡ਼ ਕਰਨ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਸਜਾ ਭੁਗਤ ਚੁਕੇ ਸਿੰਘਾਂ ਦੀ ਰਿਹਾਈ ਨਹੀਂ ਹੁੰਦੀ ਓਨਾ ਚਿਰ ਮੈਂ ਇਥੋਂ ਨਹੀਂ ਉਠਾਂਗਾ ਜੇ ਕੋਈ ਜਾਣਾ ਚਾਹਵੇ ਤਾਂ ਜਾ ਸਕਦਾ ਹੈ ਜੇ ਕਿਸੇ ਨੇ ਮੇਰੇ ਨਾਲ ਰਹਿਣਾ ਹੈ ਤਾਂ ਰਹਿ ਸਕਦਾ ਹੈ ਅਤੇ ਜੇ ਸਰਕਾਰ ਦੇ ਕਿਸੇ ਨੁੰਮਾਇੰਦੇ ਨੇ ਗੱਲ ਕਰਨੀ ਹੋਵੇ ਤਾਂ ਉਹ ਇਥੇ ਆ ਕੇ ਗੱਲ ਕਰੇ।ਇਸ ਲੱਗੇ ਮੋਰਚੇ ਨੂੰ 26 ਦਿਨਾਂ ਤੋਂ ਉਪਰ ਹੋ ਗਏ ਹਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ,ਫੱਟਡ਼ ਅਤੇ ਸ਼ਹੀਦ ਸਿੰਘਾਂ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਸਜਾ ਪੂਰੀ ਕਰ ਚੁੱਕੇ ਸਿੰਘਾਂ ਦੀ ਰਿਹਾਈ ਲਈ ਬਰਗਾਡ਼ੀ ਵਿਖੇ ਲਗੇ ਮੋਰਚੇ ਦੀ ਗੁਰਦੁਆਰਾ ਸਿੰਘ ਸਭਾ ਫਰਾਂਸ ਬੋਬੀਨੀ ਵਲੋਂ ਪੂਰਨ ਹਮਾਇਤ ਕੀਤੀ ਜਾਂਦੀ ਹੈ ਅਤੇ ਸੰਗਤਾਂ ਨੂੰ ਮੋਰਚੇ ਵਿੱਚ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ।ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਸਾਰੀ ਮਨੁੱਖਤਾ ਦੇ ਸਾਂਝੇ ਗੁਰੂ ਹਨ ਅਤੇ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜਾ ਦਿਵਾਉਣ ਲਈ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ।ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਮੌਕੇ ਉਤੇ ਲਿਆ ਗਿਆ ਫੈਸਲਾ ਅਤਿ ਸ਼ਲਾਘਾਯੋਗ ਹੈ।